ਪੌਣ ਵਾਂਗ ਅਰਦਾਸ ਵਿਚ 

ਸੁਣਦਾ ਉਸਦਾ ਬੋਲ। 

ਲੰਘੇ ਸਿੰਧ ਮੈਂ, ਆਏ ਨ 

ਪ੍ਰਛਾਵੇਂ ਤੋਂ ਕੋਲ

ਸੋਚਾਂ : ਪਾਵਨ ਚਰਨ ਸੰਗ

ਜੇ ਮੈਂ ਛੋਹਵਾਂ ਜਿੰਦ;

ਕਿੰਨੇ ਪੈਂਡੇ ਹੋਣਗੇ

ਹਰੀ ਭਰੀ ਉਸ ਬਿੰਦ।

ਥਲ ਵਿਚ ਕੌਮਾਂ ਘੁੰਮੀਆਂ, 

ਲਸ਼ਕਰ ਕਰਨ ਗੁਮਾਨ।

ਕਾਲ ਦੇ ਆਦਿ ਤੇ ਅੰਤ ਵਿਚ 

ਕਿਸ ਥਾਂ ਡਿੱਗੇ ਵਾਣ ?

“ਸਾਈਂ ਇੰਞ ਨ" ਕਿਹਾ ਮੈਂ

“ਬਾਰ ਬਿਗਾਨੇ ਰੋਲ,

ਕਿੰਞ ਇਕ ਅੱਖਰ ਰਹੇਗਾ,

ਭਵਜਲ ਕਰਦੇ ਘੋਲ ?"

ਬੋਲ ਸਾਈਂ ਦੇ ਖੇਡਦੇ,

ਚੁੱਪਾਂ ਦੇ ਘਮਸਾਨ

ਕਾਫ਼ਲਿਆਂ ਦੇ ਪਾਰ ਤਕ,

ਨਜ਼ਰਾਂ ਕਰਨ ਉਡਾਣ।

ਸਾਈਂ ਕਹਿੰਦਾ “ਰੰਗਦੀ,

ਕੌਮਾਂ ਨੂੰ ਅਰਦਾਸ।

ਪੈਂਡਾ ਜਦ ਕੋਈ ਬਣੇ ਨ, 

ਕਬਰ ਹਨੇਰੀ ਵਾਸ !

“ਆਦਿ-ਅੰਤ ਜਦ ਕਾਲ ਦੇ 

ਟੁੱਟ ਟੁੱਟ ਪੈਣ ਉਜਾੜ

ਫਿਰ ਵੀ ਕਿਰਨ ਮਲੂਕ

ਝਖੜੀਂ ਕਰੇ ਸ਼ਿੰਗਾਰ।

“ਨਿਕੇ ਬੀਜ ਤੇ ਲਿਖਦੀਆਂ, 

ਅਣਦਿੱਸ ਸਦੀਆਂ ਲੇਖ

ਤਾਰਾ ਮੰਡਲ ਖਿਚਦੀਆਂ, 

ਬੋਲ ਮਹੀਨ ਦੇ ਹੇਠ।”

ਮੈਂ ਪੁੱਛਿਆ “ਬਿਨ ਵਣਾਂ ਦੇ, 

ਪੌਣਾਂ ਸਿੱਕ ਸਿੱਕ ਜਾਣ

ਕਬਰੀਂ ਚੜ੍ਹ ਕੀ ਵੇਖਦੇ,

ਕੌਮਾਂ ਦੇ ਸੁਲਤਾਨ ?”

ਸਾਈਂ ਦਸਦਾ “ਜਾਗਿਆ,

ਮੁੜ ਪਹਿਲਾ ਬੋਲ

ਆਦਮ ਦਾ ਦਿਹੁੰ ਬੀਤਿਆ

ਦਿਲ ਦੀਆਂ ਸੁੰਞਾਂ ਫੋਲ।

“ਦਿਲ ਦੀ ਸੁੰਞ ਚੋਂ ਕਾਫ਼ਲੇ,

ਤੁਰਦੇ ਲਹੂ-ਲੁਹਾਣ।

ਸੁੱਕੀਆਂ ਨਦੀਆਂ ਸਾਮ੍ਹਣੇ,

ਅੱਥਰੂ ਭਰੇ ਰਕਾਨ।

“ਸੁਣ ਨਦੀਆਂ ਸੁਕ ਜਾਂਦੀਆਂ,

ਸੁੰਞੇ ਦਿਲ ਦੀ ਬਾਂਗ।

ਅੰਧ ਗੁਬਾਰ ਅਕਾਸ਼ ਦੇ,

ਦੂਰੋਂ ਮਾਰਨ ਸਾਂਗ।”

ਕੀਤੀ ਅਰਜ਼ ਮੈਂ “ਕੀ ਨੇ

ਅਰਦਾਸਾਂ ਦੇ ਰਾਹ ?

ਫੜੇ ਕਸੈਲੀ ਅੱਚਵੀ

ਜਦ ਕੌਮਾਂ ਦੇ ਸਾਹ!”

ਸਾਈਂ ਬੋਲੇ “ਕਾਲ ਵਿਚ

ਅਰਦਾਸਾਂ ਦੀ ਜਾਹ

ਟੁੱਟਦੇ ਚਰਖਾਂ ਸਾਹਮਣੇ 

ਚਮਕਾਂ ਹੋਣ ਗਵਾਹ;

“ਕਾਲੇ ਖੂਹ ਦੇ ਲਹੂ 'ਚੋਂ 

ਜਦ ਕਦ ਉਠਦਾ ਸੋਗ 

ਚਹੁੰ ਕੂੰਟਾਂ ਵਿਚ ਕੂਕਦਾ 

ਜਦ ਪੂਰਨ ਦਾ ਰੋਗ । 

“ਅਣਦਿੱਸ ਕਾਲ 'ਚੋਂ ਕਾਲ ਦੇ 

ਜਲ ਬਲ ਵਰ੍ਹਦੇ ਮੇਘ, 

ਚੜ੍ਹ ਬਿਜਲੀ ਦੇ ਘੋੜ 'ਤੇ 

ਕਾਲ 'ਚ ਮਾਰਨ ਤੇਗ।

“ਝਿਮ ਝਿੰਮ ਮਣ ਤੋਂ ਵੇਂਹਦੀਆਂ

ਅਰਦਾਸਾਂ ਭਰ ਨੀਰ

ਬੱਚੇ ਅੰਗ ਜਗਾਂਦੀਆਂ,

ਜਿਉਂ ਕੋ ਬ੍ਰਿਛ ਸਮੀਰ।

“ਕਣੀਆਂ ਅਣਦਿੱਸ ਚੁੰਮੀਆਂ

ਇਕਤ ਪਇਆਂ ਪਾਸ;

ਕਾਲੇ ਗਹਿਰੇ ਖੂਹ ਜਾ

ਜਲਦੇ ਬੁਝ ਬੁਝ ਮਾਸ।

“ਅਣਦਿੱਸ ਕਾਲ ਹੈ ਵੇਖਦਾ

ਮਾਣਸ ਬੇ-ਦਰੇਗ਼,

ਰਮਜ਼ਾਂ ਨਾਲ ਵਰ੍ਹਾਂਵਦਾ

ਅਰਦਾਸਾਂ ਦੇ ਮੇਘ।

“ਜੋਬਨ ਫੇਰ ਫ਼ਕੀਰ ਬਣ

ਤੁਰਦਾ ਨਦੀਆਂ ਨਾਲ।

ਬਾਗ਼ਾਂ ਛਾਵੇਂ ਬੈਠਦਾ

ਚਿਰ ਤੋਂ ਜ਼ਖ਼ਮੀ ਕਾਲ।”

ਮੈਂ ਝੁਕ ਝੁਕ ਰੋ ਆਖਿਆ :

“ਬੋਲ ਤੁਹਾਡੇ ਮਾਂ।

ਤੁਸੀਂ ਦੂਰ ! ਕਿਉਂ ਮਿਲੋ ?

ਮਿਲੇ ਤੁਹਾਡੀ ਛਾਂ।”

ਨਿਆਰੀ ਰਮਜ਼ ਫ਼ਕੀਰ ਦੀ

ਭਿੰਨੀ ਲੋਇ ਮਹੀਨ,

ਤਾਰੇ ਪੈਂਡੇ ਮਾਰ ਕੇ 

ਆਏ ਝਿੰਮ ਝਿੰਮ ਪੀਣ।

ਮੈਂਡੇ ਖ਼ਾਲੀ ਦਿਲੇ ਨੂੰ 

ਆਇਆ ਉਦੋਂ ਯਕੀਨ, 

ਨੂਰੀ ਕਾਸੇ ਉਂਝ ਤਾਂ 

ਚਿਰ ਤੋਂ ਪੈਂਡੇ ਜੀਣ।

ਸਾਈਂ ਕਹਿੰਦਾ : ਕਦੇ ਨ 

ਸਾਬਤ ਮੈਂਡੀ ਲੋ,

ਭਾਵੇਂ ਸਾਹਮੋ ਦਿਸਾਂ ਮੈਂ

ਭਾਵੇਂ ਛਿਪ ਜਾਂ ਹੋ।

“ਦਿਲਾਂ ਦੇ ਪਰਦੇ ਵਿਚ ਹੀ 

ਘੁੰਮਦੇ ਮੈਂਡੇ ਨਾਂ।

ਕੁਝ ਲਈ ਦੂਰ ਦੁਰਾਡੜਾ 

ਕੁਝ ਲਈ ਕਾਲੀ ਛਾਂ।

“ਸੁਲਤਾਨਾਂ ਦੇ ਜ਼ੋਰ ਵਿਚ 

ਕੁਝ ਲਈ ਜਾਵਾਂ ਖੋ; 

ਕੁਝ ਤਾਂ ਕਹਿਰ ਨੂੰ ਸੱਦਦੇ 

ਕੁਝ ਤਾਂ ਪੈਂਦੇ ਰੋ।”

📝 ਸੋਧ ਲਈ ਭੇਜੋ