ਪਾਵੋ ਨੈਣੀ ਸੁਰਮ ਸਲਾਈਆਂ
ਲਾਵੋਂ ਮਹਿੰਦੀ ਤਲੀਆਂ ਤੇ,
ਅੱਜ ਗੁਲਾਬ ਦਾ ਫੁੱਲ ਵਿੱਛ ਗਿਆ
ਝੂਠ ਮੂਠ ਜਹੀਆਂ ਕਲੀਆਂ ਤੇ,
ਕਿੰਨੀ ਸੌਖੀ ਜਿੰਦਗੀ ਹੋਈ
ਕਿੰਨਾ ਦਿਲ ਸਕੂਨ ਜਿਹਾ,
ਉਸ ਦਿਨ ਵੇ ਤੂੰ ਫਿੱਕਾ ਜਾਪੇਂ
ਜਦ ਝਾੜੀਂ ਜਾਵੇਂ ਕਾਨੂੰਨ ਜਿਹਾ,
ਤੇਰੇ ਨਾਵੇਂ ਲਾ ਮੈਂ ਘੱਤੀਆਂ
ਜਦ ਇਹ ਸਧਰਾਂ ਪਲੀਆਂ ਤੇ,
ਅੱਜ ਗੁਲਾਬ ਦਾ ਫੁੱਲ ਵਿੱਛ ਗਿਆ
ਝੂਠ ਮੂਠ ਜਹੀਆਂ ਕਲੀਆਂ ਤੇ,
ਹੋਈ ਸਵਾ ਤੋਂ ਮਣ ਮੈਂ ਮਾਹੀ
ਜਦ ਤੂੰ ਮੈਨੂੰ ਤੱਕਿਆ ਸੀ,
ਮੇਰੇ ਵੰਡੇ ਦਾ ਇਕ ਵੇ ਰੋਜਾ
ਤੂੰ ਜੁੰਮੇ ਵਾਰ ਨੂੰ ਰੱਖਿਆ ਸੀ,
ਵਿੱਚ ਮਸੀਤਾਂ ਚੂਰਮਾਂ ਵੰਡਿਆ
ਵਾਰ ਕੇ ਪੰਜੇ ਵਲੀਆਂ ਤੇ,
ਅੱਜ ਗੁਲਾਬ ਦਾ ਫੁੱਲ ਵਿੱਛ ਗਿਆ
ਝੂਠ ਮੂਠ ਜਹੀਆਂ ਕਲੀਆਂ ਤੇ,
ਨੇਕ ਇਰਾਦੇ, ਨੇਕ ਨੀਤ ਨੂੰ
ਬੋਝੇ ਕਈ ਹਜਾਰ ਵੇ ਮਾਹੀ,
ਜੋ ਨੇ ਜਾਤਾਂ ਪਾਤਾ ਪਰਖਣ
ਓਹ ਨਾ ਹੁੰਦੇ ਪਿਆਰ ਵੇ ਮਾਹੀ,
ਸਿਦਕਾਂ ਵਾਲੇ ਜਿਹੜੇ ਹੁੰਦੇ
ਰਿਝਦੇ ਨਹੀਓਂ ਛਲੀਆਂ ਤੇ
ਅੱਜ ਗੁਲਾਬ ਦਾ ਫੁੱਲ ਵਿੱਛ ਗਿਆ
ਝੂਠ ਮੂਠ ਜਹੀਆਂ ਕਲੀਆਂ ਤੇ,
ਮੈਂ ਹਾਂ ਚਿਕੜ, ਚਿਕੜ ਰਹਿਸੀ
ਉਹ ਪੁਸ਼ਪ ਗੁਲਾਬੀ,
ਕਮਲ ਹੈ ਉਸਦਾ ਨਾਂ ਨੀ ਅੜੀਓ
ਮੇਰੇ ਦਿਲ ਦੀ ਚਾਬੀ,
ਅਸੀਂ ਵੀ ਸੋਨਾ ਹੋ ਜਾਣਾ ਹੈ
ਪਾਰਸ ਦੇ ਸੰਗ ਰਲੀਆਂ ਤੇ,
ਅੱਜ ਗੁਲਾਬ ਦਾ ਫੁੱਲ ਵਿੱਛ ਗਿਆ
ਝੂਠ ਮੂਠ ਜਹੀਆਂ ਕਲੀਆਂ ਤੇ,
ਵੇਖੋ ਨੇਮਤਾਂ, ਦਾਤ ਮਿਲੀ ਹੈ
ਮੈਨੂੰ ਸਦਾ ਸੁਹਾਗਣ ਦੀ,
ਮੇਰਾ ਮਾਹੀ ਦੂਰ ਵਸੇਂਦਾ
ਅੱਧੀ ਰਾਤ ਨੂੰ ਜਾਗਣ ਦੀ,
ਹੀਰੇ ਲੱਭਣ ਵਾਲੇ ਮਾਏ
ਡੁੱਲਦੇ ਨਹੀਓਂ ਡਲੀਆਂ ਤੇ,
ਅੱਜ ਗੁਲਾਬ ਦਾ ਫੁੱਲ ਵਿੱਛ ਗਿਆ
ਝੂਠ ਮੂਠ ਜਹੀਆਂ ਕਲੀਆਂ ਤੇ,
ਨਾ ਮੈਂ ਸੋਹਣੀ, ਨਾ ਮੈਂ ਚੰਗੀ
ਉਸਨੇ ਕੀ ਹੈ ਡਿੱਠਾ ਨੀ,
ਇਸ ਵਜ਼ਦ ਦਾ ਚਾ ਅਨੌਖਾ
ਮਾਖਿਓਂ ਵੀ ਹੈ ਮਿੱਠਾ ਨੀ,
ਚੱਖਿਆ ਇਹਨੂੰ ਜਿਸ ਰੁੱਤੇ ਵੀ
ਫੁੱਲ ਖਿੜ ਆਏ ਨੇ ਫਲੀਆਂ ਤੇ,
ਅੱਜ ਗੁਲਾਬ ਦਾ ਫੁੱਲ ਵਿੱਛ ਗਿਆ
ਝੂਠ ਮੂਠ ਜਹੀਆਂ ਕਲੀਆਂ ਤੇ,
ਜੇ ਤੂੰ ਵੱਡੀ ਮੰਗ ਰੱਖੇਂ ਤਾਂ
ਮੈਂ ਕੀ ਝੋਲੀ ਪਾਵਾਂ,
ਤੇਰੇ ਦੋਵੇਂ ਹੱਥ ਚੁੰਮ ਕੇ
ਪਲਕਾਂ ਨਾਲ ਛੁਹਾਵਾਂ,
ਆਖਾਂ ਤੈਨੂੰ ਜਾਨ ਵੀ ਹਾਜਰ
ਹੂੰਝਣ ਲਾ ਲੈ ਗਲੀਆਂ ਤੇ,
ਪਾਵੋ ਨੈਣੀ ਸੁਰਮ ਸਲਾਈਆਂ
ਲਾਵੋਂ ਮਹਿੰਦੀ ਤਲੀਆਂ ਤੇ,
ਅੱਜ ਗੁਲਾਬ ਦਾ ਫੁੱਲ ਵਿੱਛ ਗਿਆ
ਝੂਠ ਮੂਠ ਜਹੀਆਂ ਕਲੀਆਂ ਤੇ ।