ਪੀਣਾ ਤੇਰੇ ਲਈ ਜ਼ਾਹਿਦ

ਪੀਣਾ ਤੇਰੇ ਲਈ ਜ਼ਾਹਿਦ ਸਚ ਮੁੱਚ ਹੀ ਬੀਮਾਰੀ ਹੈ । 

ਪਰ ਆਸ਼ਿਕ ਦੇ ਰੋਗ ਲਈ ਇਹ ਨੁਸਖਾ ਗੁਣ-ਕਾਰੀ ਹੈ

ਜਦ ਉਹ ਸਾਹਵੇਂ ਆਉਂਦਾ ਹੈ ਭੁਲ ਜਾਂਦੇ ਨੇ ਸਭ ਸ਼ਿਕਵੇ

ਡਿੱਠਾ ਜੇ ! ਉਸ ਜ਼ਾਲਿਮ ਦੀ ਸੂਰਤ ਕਿੰਨੀ ਪਿਆਰੀ ਹੈ

ਘੋਰ ਉਦਾਸੀ ਛਾਈ ਹੈ ਰਿੰਦ ਬੜਾ ਗ਼ਮਗੀਨ ਹੈ ਅਜ 

ਕੌਣ ਗਇਆ ਹੈ ਠੇਕੇ ਚੋਂ ? ਕਿਸਨੇ ਉਡਾਰੀ ਮਾਰੀ ਹੈ

ਕਢੀ ਜਾਨ ਮਿਰੀ ਹਸਕੇ ਸੁਖ ਦੀ ਮੌਤੇ ਮਰਿਆ ਮੈਂ 

ਇਕ ਬੇਦਰਦ ਮੁਹਾਣੇ ਨੇ ਡੁਬਦੀ ਬੇੜੀ ਤਾਰੀ ਹੈ।

ਏਥੇ ਦਾਰੂ ਮਿਲਦਾ ਹੈ ਜ਼ਾਹਿਦ ਹੋੜ ਨਾ ਠੇਕੇ ਤੋਂ 

ਸਾਕ਼ੀ ਪਾਸੋਂ ਪੀਂਦਾ ਹਾਂ ਤੈਨੂੰ ਕੀ ਬੀਮਾਰੀ ਹੈ ?

ਗਲ ਲਗ ਕੇ ਮਰਿਆ ਭੰਵਟ ਬੱਤੀ ਰੋ ਰੋ ਖ਼ਤਮ ਹੋਈ 

ਤੋੜ ਨਿਭਾਈ ਦੋਹਾਂ ਨੇ ਯਾਰੀ ਆਖ਼ਿਰ ਯਾਰੀ ਹੈ

ਖ਼ੁਸ਼ ਹੈ ਗੈਰਾਂ ਦੀ ਮਹਿਫਿਲ ਸ਼ੇਖ਼ ਬੜਾ ਹਸਦਾ ਹੈ ਅਜ 

ਸਾਦ-ਮੁਰਾਦੇ ਆਸ਼ਿਕ ਨੂੰ ਕਿਸ ਨੇ ਬੋਲੀ ਮਾਰੀ ਹੈ ?

 

ਮੇਰੇ ਘਰ ਤੋਂ ਲੰਘ ਅੱਗੇ ਚਾਲ ਤੁਹਾਡੀ ਤੇਜ਼ ਹੋਈ 

ਪੈਲਾਂ ਪਾਂਦੇ ਜਾਂਦੇ ਹੋ ਹੁਣ ਕਿੱਧਰ ਦੀ ਧਾਰੀ ਹੈ ?

ਰੰਗ ਭਰੇ ਨੇ ਮਨ ਮੋਹਣੇ ਤੇਰੇ ਸੁਹਣੇ ਖ਼ਾਕੇ ਵਿਚ 

ਅਲੋਕਾਰ ਮੁਸੱਵਰ ਨੇ ਕਿਆ ਤਸਵੀਰ ਉਤਾਰੀ ਹੈ

ਪਿਆਰ ਸੁਧਾ ਹੀ ਸੋਨਾ ਹੈ ਨੰਗਾ ਚਿੱਟੇ ਦਿਨ ਵਰਗਾ 

ਤੇਰਾ ਪਿਆਰ ਮੁਲੰਮਾ ਹੈ ਐਵੇਂ ਪਰਦੇਦਾਰੀ ਹੈ।

ਹੋ ਜਾਉ ‘ਹਮਦਰਦ' ਅਮਰ ਪਿਆਰ 'ਚ ਮਰਨਾ ਮੌਤ ਨਹੀਂ 

ਅਨਿਆਈ ਮੌਤੇ ਮਰਕੇ ਮੌਤ ਕਿਸੇ ਨੇ ਮਾਰੀ ਹੈ।

📝 ਸੋਧ ਲਈ ਭੇਜੋ