ਪੀਂਦੀ ਹੈ ਰੋਜ਼ ਆਂਦਰਾਂ ਦੀ ਰੱਤ

ਪੀਂਦੀ ਹੈ ਰੋਜ਼ ਆਂਦਰਾਂ ਦੀ ਰੱਤ ਨਿਚੋੜ ਕੇ

ਸੁੱਟਾਂ ਕਿਵੇਂ ਮੈਂ ਸ਼ੌਕ ਦੀ ਇਹ ਵੇਲ ਤੋੜ ਕੇ

ਟੁਕੜੇ ਹਜ਼ਾਰ ਹੋ ਗਏ ਮੇਰੇ ਵਜੂਦ ਦੇ 

ਬੂਹਾ ਬਣਾ ਰਹੀ ਸੀ ਮੈਂ ਦੀਵਾਰ ਤੋੜ ਕੇ

ਜ਼ਰਦੀ ਜ਼ਰਾ ਕੀ ਮੇਰਿਆਂ ਪੱਤਿਆਂ 'ਤੇ ਫਿਰ ਗਈ

ਪੌਣਾਂ ਨੇ ਮੁੜ ਮੁੜ ਵੇਖੀਆਂ ਲਗਰਾਂ ਮਰੋੜ ਕੇ

ਉਹ ਸੁਪਨਿਆਂ ਦਾ ਮਹਿਲ ਸੀ ਬਸ ਲੋਪ ਹੋ ਗਿਆ

ਏਦਾਂ ਜਗਾਇਆ ਸੱਚ ਨੇ ਮੈਨੂੰ ਝੰਜੋੜ ਕੇ

ਤੂੰ ਤਾਂ ਹਨੇਰਾ ਚੀਰਨਾ ਸੀ ਇਸ ਦੀ ਧਾਰ ਨਾਲ 

ਕਿਉਂ ਦਿਲ 'ਚ ਅਪਣੇ ਖੋਭ ਲਈ ਇਹ ਤੇਗ਼ ਮੋੜ ਕੇ

📝 ਸੋਧ ਲਈ ਭੇਜੋ