ਪੀਰ ਕਹੇ ਖਿੱਚ ਅੰਬਰ ਤਾਨਾਂ :
“ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।”
“ਵਗ ਵਗ ਜਾਣ ਉਮਰ ਦੇ ਪਾਣੀ
ਕਾਫ਼ਲੇ ਲੰਘਣ ਅੱਥਰੂ ਥਾਣੀ,
ਕਿਸੇ ਨੇ ਅੱਗ ਸਿਰਾਂ 'ਤੇ ਤਾਣੀ-
ਜੱਗ ਨੂੰ ਦੀਨ ਗੁਆਂਦਾ ਤੱਕਿਆ,
ਮੇਰੀ ਨਜ਼ਰ ਹੇਠ ਅਸਮਾਨਾਂ।”
ਪੀਰ ਕਹੇ ਖਿੱਚ ਅੰਬਰ ਤਾਨਾਂ :
“ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।”
“ਛੱਡ ਤੂਫ਼ਾਨ ਥਲਾਂ ਦੇ ਖੂਹੇ,
ਜੋਗੀਆਂ ਵਾਂਗ ਬੇਲਿਆਂ ਬੂਹੇ
ਤੱਕਣ ਹੱਥ ਹੀਰ ਦੇ ਸੂਹੇ-
ਕਾਫ਼ਰ ਹੁਸਨ ਮੈਂ ਰੱਜ ਵਖਾਇਆ
ਹੁੱਲ ਹੱਲ ਸਾਹਮੇ ਫ਼ਜਰ-ਅਜ਼ਾਨਾਂ—"
ਪੀਰ ਕਹੇ ਖਿੱਚ ਅੰਬਰ ਤਾਨਾਂ :
“ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।”
“ਹੱਸਣ ਜਦੋਂ ਝਨਾਂ ਦੀਆਂ ਨਾਰਾਂ,
ਝੁਲ ਝੁਲ ਅੰਬਰ ਵਿਚ ਫੁਹਾਰਾਂ
ਵਣ ਵਣ ਪੀਂਘਾਂ ਪਾਉਣ ਹਜ਼ਾਰਾਂ;
ਬਿੱਜਲਾਂ ਵਾਂਗ ਝਨਾਂ ਨੂੰ ਨੂੰ ਵੇਖਣ
ਕੰਧੀ ਝੁੰਮਰ ਪਾਉਣ ਰਕਾਨਾਂ—"
ਪੀਰ ਕਹੇ ਖਿੱਚ ਅੰਬਰ ਤਾਨਾਂ :
“ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।”
“ਵੰਝਲੀ ਵਾਲਾ ਕਿਸ 'ਤੇ ਵਿਕਦਾ ?
ਸੰਞ ਸਵੇਰੀਂ ਕਿਸਨੂੰ ਸਿਕਦਾ ?
ਸੋਹਣਾ ਬੁੱਤ ਹੀਰ ਦਾ ਛਿਪਦਾ—
ਜਾਂ ਕੋਈ ਬੋਲ ਸੱਜਣ ਅੱਜ ਬੋਲੇ,
ਜਾਂ ਨਾਂਹ ਖਿੱਚੇ ਇੰਞ ਕਮਾਨਾਂ-"
ਪੀਰ ਕਹੇ ਖਿੱਚ ਅੰਬਰ ਤਾਨਾਂ :
“ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।”
“ਹੀਰ ਦੇ ਸਾਹਮੇ ਡੋਲ੍ਹ ਕੇ ਚੀਨਾ
ਬਿਜਲੀਆਂ ਕੋਲ ਵਜਾਈਆਂ ਬੀਨਾਂ
ਰਿਮ ਝਿਮ ਰਿਮ ਝਿਮ ਰੁੱਤ ਮਹੀਨਾ-
ਹੀਰ ਦੀ ਨਾਜ਼ਕ ਧੜਕਣ ਉੱਤੇ
ਰੁਣ ਝੁਣ ਕੀਤੀ ਫ਼ਜਰਾਂ ਸ਼ਾਮਾਂ—"
ਪੀਰ ਕਹੇ ਖਿੱਚ ਅੰਬਰ ਤਾਨਾਂ :
“ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।”
“ਇਕ ਕਿਤਾਬ ਰਾਜ਼ ਮੈਂ ਦੱਸੇ
ਟਾਵੀਂ ਟਾਵੀਂ ਸੈਨਤ ਲੱਸੇ
ਰਹਿੰਦੀ ਵਾਟ ਨਜ਼ਰ ਵਿਚ ਵੱਸੇ;
ਅਸਾਂ ਝਨਾਂ ਦੀ ਲਹਿਰ 'ਤੇ ਲਿੱਖੇ,
ਡੂੰਘੇ ਮਾਅਨੇ ਵਿਚ ਕੁਰਾਨਾਂ—"
ਪੀਰ ਕਹੇ ਖਿੱਚ ਅੰਬਰ ਤਾਨਾਂ :
"ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।”
“ਜੋ ਕੁਝ ਕਿਹਾ ਹੀਰ ਦੇ ਨੈਣਾਂ
ਡੂੰਘੇ ਵਹਿਣ ਝਨਾਂ ਦੀਆਂ ਰੈਣਾਂ
ਕੁਲ ਰਮਜ਼ਾਂ ਮੈਂ ਕਦੇ ਨ ਕਹਿਣਾ;
ਨਹੀਂ ਤਾਂ ਇਸ ਆਲਮ ਦੀਆਂ ਰੂਹਾਂ
ਨਾਲੇ ਜਲਣਾ ਕੁੱਲ ਨਿਸ਼ਾਨਾਂ—"
ਪੀਰ ਕਹੇ ਖਿੱਚ ਅੰਬਰ ਤਾਨਾਂ :
“ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।”
"ਜਾਂ ਤੁਰਸ਼ਨ ਛੱਡ ਦਿਲ ਦੀ ਢਾਣੀ
ਰਾਹ ਗੋਰਾਂ ਦੇ ਰੰਗਲੇ ਹਾਣੀ,
ਸੁਕ ਸੁਕ ਜਾਣ ਝਨਾਂ ਦੇ ਪਾਣੀ-
ਉਹ ਸਭ ਰਮਜ਼ਾਂ ਬਾਲ ਲਵਾਂਗਾ,
ਜੋ ਨ ਦੱਸੀਆਂ ਵਿਚ ਜਹਾਨਾਂ-"
ਪੀਰ ਕਹੇ ਖਿੱਚ ਅੰਬਰ ਤਾਨਾਂ :
“ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।”
“ਮੈਂ-ਮਨ ਸੁੱਤੀਆਂ ਵਾਂਗ ਰਕਾਨਾਂ,
ਕੁਲ ਸਮੇਂ ਤੋਂ ਲੰਮੀਆਂ ਤਾਨਾਂ,
ਤੋੜ ਸੁੱਟਾਂ ਕਿੰਞ ਦਿਲ ਦੀਆਂ ਸ਼ਾਨਾਂ।
ਕਿਵੇਂ ਝਨਾਂ ਦੇ ਬੂਹਿਉਂ ਉੱਠਾਂ
ਮੈਨੂੰ ਲੱਭਣਾਂ ਮੇਰੇ ਮੁਕਾਮਾਂ।”
ਪੀਰ ਕਹੇ ਖਿੱਚ ਅੰਬਰ ਤਾਨਾਂ :
“ਤੱਕ ਝਨਾਂ ਦੀਆਂ ਸੋਹਣੀਆਂ ਜਾਨਾਂ।”