ਪੀੜਾਂ ਵਿਕਣੇ ਆਈਆਂ
ਸੱਜਣ ਜੀ! ਪੀੜਾਂ ਵਿਕਣੇ ਆਈਆਂ
ਕਿਸੇ ਨਾ ਹੱਸ ਕਰਾਈ ਬੋਹਣੀ
ਕਿਸੇ ਨਾ ਝੋਲੀ ਪਾਈਆਂ।
ਉਮਰੋਂ ਲੰਮੇ ਆਸ ਦੇ ਪੈਂਡੇ
ਅਸੀਂ ਵਿਚੋਂ ਦੀ ਹੋਏ
ਪੱਬਾਂ ਹੇਠਾਂ ਚੀਕਣ ਸਾਹਵਾਂ
ਸੁਫ਼ਨੇ ਵੀ ਅੱਧ ਮੋਏ
ਜੁੱਸੇ ਅੱਤ ਪਰੈਣਾਂ ਵੱਜੀਆਂ
ਕਿਸੇ ਨਾ ਮੱਲ੍ਹਮਾਂ ਲਾਈਆਂ
ਸੱਜਣ ਜੀ! ਪੀੜਾਂ ਵਿਕਣੇ ਆਈਆਂ
ਨਿੱਜ ਸਮੇਂ ਨੇ ਹਰ ਮ੍ਹਾਤੜ ਦੀ
ਬੁਲ੍ਹੜੀ ਅੱਖੜੀ ਸੀਤੀ
ਉਹਦੀ ਪੀੜ ਵੰਡਾਵਣ ਦੀ ਥਾਂ
ਹੋਰ ਵਧੇਰੀ ਕੀਤੀ
ਉਹ ਵੀ ਮਗਰੋਂ ਲਾਹ ਕੇ ਟੁਰ ਗਏ
ਜਿਹਨਾਂ ਦਿੱਤੀਆਂ ਸਾਈਆਂ
ਸੱਜਣ ਜੀ! ਪੀੜਾਂ ਵਿਕਣੇ ਆਈਆਂ
ਸਾਵੀਆਂ ਰੁੱਤਾਂ ਵਰਗੇ ਸੁਫ਼ਨੇ
ਚੀਕਾਂ ਦੇ ਵਿੱਚ ਗੁੰਨ੍ਹੇ
ਸ਼ਹਿਰ ਨੇ ਜੀਕਣ ਪੱਕੀਆਂ ਥਾਵਾਂ
ਪਿੰਡਾਂ ਦੇ ਪਿੰਡ ਸੁੰਨੇ
ਲਾਸ਼ਾਂ ਤੇ ਦਫ਼ਨਾਉਂਦੇ ਸੁਣਿਆਂ
ਰੂਹਾਂ ਕਿਸ ਦਫ਼ਨਾਈਆਂ !
ਸੱਜਣ ਜੀ! ਪੀੜਾਂ ਵਿਕਣੇ ਆਈਆਂ