(ਸਰਵਤ ਮਹੱਈਉਦੀਨ ਦੇ ਨਾਂ)
ਲੋਕ ਤੇਰੇ ਲੋਕ ਮੇਰੇ
ਆਪਣੇ ਸੀ ਲੋਕ ਸਾਰੇ
ਓਪਰਾ ਸੀ ਦੇਸ਼ ਪਰ
ਓਪਰੀ ਜਿਹੀ ਸੀ ਜਗ੍ਹਾ
ਨਿੱਕਾ ਜਿਹਾ ਮੁਅਜਜ਼ਾ ਆਪਾਂ ਮਿਲੇ
ਬਹੁਤ ਮੁਖਤਸਰ ਸੀ ਸਮਾਂ
ਤੇ ਮੁਖਤਸਰ ਪਹਿਚਾਣ ਸੀ
ਆਪਣੀ ਮਿੱਟੀ ਦਾ ਨਾਂ ਤਾਂ ਇਕ ਹੈ
ਤੂੰ ਆਖਿਆ
ਇਕ ਹੈ ਆਪਣੀ ਜ਼ੁਬਾਨ
ਕੌਣ ਸਨ ਜਿਨ੍ਹਾਂ ਨੇ
ਬੰਨਾ ਮਾਰ ਕੇ ਕੀਤੇ ਅਲੱਗ
ਤ੍ਰੇਲ ਡੁੱਲ੍ਹਦੀ ਨਾਲ ਖੁਸ਼ਬੂ
ਆਸਮਾ ਵਿਚ ਤੈਰਦੇ ਅਨਗਿਣਤ ਪੰਖੀ।
ਏਸ ਬੰਨੇ ਤੋਂ ਉਨ੍ਹਾਂ ਮੇਰਾ ਨਗਰ
ਏਸ ਬੰਨੇ ਤੋਂ ਪਰ੍ਹਾਂ ਤੇਰਾ ਗਰਾਂ
ਸਾਂਝ ਮਿੱਟੀ ਦੀ ਗਈ ਕਿੱਥੇ ਗੁਆਚ
ਆਖਿਆ ਮੈਂ, ਦੋਸਤੀ ਇਨਸਾਨ ਦੀ
ਜਾਂਵਦੀ ਏ ਸਾਰੀਆਂ ਹੱਦਾਂ ਉਲੰਘ
ਪਤਾ ਨਹੀਂ ਸਨ ਕੌਣ ਦੋਖੀ ਹੱਥ ਉਹ
ਜ਼ਿਮੀ 'ਤੇ ਖਿੱਚੀਆਂ ਲਕੀਰਾਂ
ਬੰਨ੍ਹ ਦਰਿਆਵਾਂ ਨੂੰ ਮਾਰੇ
ਪਰ ਹਵਾ ਵਿਚ, ਆਸਮਾਂ ਵਿਚ ਤੇ ਲਹੂ ਵਿਚ
ਪਾ ਸਕੇ ਨਾ ਬੰਨ੍ਹ ਕੋਈ
ਪੌਣ ਵਗਦੀ ਫੁੱਲ ਖਿੜਦੇ
ਝੂਮਦੇ ਕਣਕਾਂ ਦੇ ਸਿੱਟੇ
ਝੂਮਦੇ ਸਰ੍ਹੋਆਂ ਦੇ ਫੁੱਲ
ਉਗਦੇ ਸੂਰਜ ਦੀਆਂ ਰਿਸ਼ਮਾਂ
ਤਾਰਿਆਂ ਦੀ ਸੀਤ ਲੋਅ
ਲਗਦੇ ਤੈਨੂੰ ਵੀ ਚੰਗੇ
ਲਗਦੇ ਮੈਨੂੰ ਵੀ ਪਿਆਰੇ
ਸਾਂਝ ਏਨੀ ਵੀ ਕੋਈ ਥੋੜ੍ਹੀ ਨਹੀਂ
ਰੰਗ ਇਹ ਵੀ ਆਪਣੀ ਪਹਿਚਾਣ ਦਾ
ਮੁਖਤਸਰ ਪਹਿਚਾਣ ਬੇਸ਼ੱਕ
ਬਣ ਜਾਏ ਬੁਨਿਆਦ ਪੱਕੀ ਦੋਸਤੀ ਦੀ
ਆਰਜ਼ੂ ਏਹੀ ਹੈ ਮੇਰੀ
ਆਰਜ਼ੂ ਤੇਰੀ ਬਣੇ
ਬੰਨਿਆਂ ਦੀ ਫੇਰ ਕੋਈ ਰੋਕ ਨਾ