ਪਹਿਲਾਂ ਕਦੀ ਵੀ ਆਉਂਦਾ ਨਹੀਂ

ਪਹਿਲਾਂ ਕਦੀ ਵੀ ਆਉਂਦਾ ਨਹੀਂ ਸੀ ਯਾਰ ਖ਼ਿਆਲ ਗ਼ਜ਼ਲ ਦਾ

ਤੇਰੇ ਪਿਆਰ ਵਿਛੋੜੇ ਦਿੱਤਾ ਦਰਦ ਉਛਾਲ ਗ਼ਜ਼ਲ ਦਾ

ਸੋਚ ਫ਼ਿਕਰ ਦੇ ਬਾਗ਼ੇ ਜਿਸ ਨੇ ਕੱਲ੍ਹ ਸੀ ਚੁੰਗੀਆਂ ਭਰੀਆਂ,

ਅੱਜ ਦਿਲਾਂ ਦੀ ਰੌਣਕ ਬਣਿਆ ਸ਼ੋਖ਼ ਗ਼ਜ਼ਾਲ ਗ਼ਜ਼ਲ ਦਾ

ਮਾਂ ਨੂੰ ਨਿੰਦਨ ਵਾਲਿਆਂ ਦਿੱਤੇ ਜਦੋਂ ਜਵਾਬ ਗ਼ਜ਼ਲ ਦੇ,

ਮੈਨੂੰ ਮਾਂ ਦੀ ਖ਼ਾਤਰ ਕਰਨਾ ਪਿਆ ਸਵਾਲ ਗ਼ਜ਼ਲ ਦਾ

ਆਉ ਮੇਰਿਉ ਜੁੱਟੋ, ਸ਼ਾਇਰੋ ਰਲ-ਮਿਲ ਚਾਰਾ ਕਰੀਏ,

ਦੇਸ ਪੰਜਾਬ ਪਿਆਰੇ ਵਿੱਚੋਂ ਮੁੱਕੇ ਕਾਲ ਗ਼ਜ਼ਲ ਦਾ

ਹੋਸ਼ ਮੰਦਾਂ ਦੀ ਪਰ੍ਹਿਆ ਬਹਿ ਕੇ ਬੋਲਣ ਦਾ ਚੱਜ ਆਇਆ,

ਦਿੱਤਾ ਸੁਘੜ ਸਿਆਣੇ ਸਾਕੀ ਜਾਮ ਪਿਆਲ ਗ਼ਜ਼ਲ ਦਾ

ਨੰਗੇ ਪੈਰ ਹਿਆਤੀ ਸਾਰੀ ਥਲ ਸਮੁੰਦਰ ਗਾਹੀਏ,

ਸ਼ਾਇਦ ਫੇਰ ਹਿਸਾਬੇ ਆਵੇ ਬਹਿਰ ਪਤਾਲ ਗ਼ਜ਼ਲ ਦਾ

ਸੋਹਣੇ ਸੋਹਣੇ ਨਕਸ਼ ਬਣਾ ਤੂੰ 'ਸ਼ਾਕਿਰ' ਦਿਲ ਦੀ ਰੱਤੋਂ,

ਵੇਹੰਦਾ ਰਹੇਗਾ ਆਪ ਜ਼ਮਾਨਾ ਐਬ ਕਮਾਲ ਗ਼ਜ਼ਲ ਦਾ

📝 ਸੋਧ ਲਈ ਭੇਜੋ