ਪਹਿਲਾ ਮੀਂਹ

ਮੁਹੱਬਤ ਸੁੱਤੀ ਰਹੀ ਮੇਰੇ ਅੰਦਰ ਸਦੀਆਂ ਤਕ

ਕਿਸੇ ਨੇ ਇਸ ਨੂੰ ਜਗਾਇਆ ਨਹੀਂ

ਸ਼ਾਇਦ ਇਹ ਘੂਕ ਸੁੱਤੀ ਸੀ,

ਜਿਵੇਂ ਧਰਤੀ ਹੇਠਾਂ ਬੀਜ ਹੁੰਦੇ ਹਨ

ਜਿਵੇਂ ਬੀਜਾਂ ਅੰਦਰ ਫੁਲ

ਜਿਵੇਂ ਮਾਵਾਂ ਅੰਦਰ ਸੌਂ ਰਹੇ ਹੁੰਦੇ ਹਨ ਅਣਜੰਮੇ ਬਾਲ

ਬੜੀ ਦੇਰ ਮੈਂ ਇਸ ਨੂੰ ਫੂਕਾਂ ਮਾਰੀਆਂ

ਪਾਥੀਆਂ ਵਿਚ ਛੁਪੀ ਅੱਗ ਨੂੰ

ਸੁਲਘਾਉਣ ਲਈ ਸਾਹੋ ਸਾਹੀ ਹੋਇਆ

ਇਹ ਨਹੀਂ ਜਾਗੀ

ਰੌਸ਼ਨੀ ਵਾਲਿਆਂ ਕੋਲ ਗਿਆ

ਲੌਅ ਲੈਣ

ਜਿਵੇਂ ਬਾਂਝ ਕੁਖਾਂ ਫਕੀਰਾਂ ਕੋਲ ਜਾਂਦੀਆਂ ਹਨ

ਜਿਵੇਂ ਪਿਆਸੀਆਂ ਰੂਹਾਂ ਨੀਰਾਂ ਕੋਲ ਜਾਂਦੀਆਂ ਹਨ

ਪਰ ਇਕ ਘੁਟਣ

ਮੈਂਨੂੰ ਜਕੜਕੇ ਬੈਠੀ ਰਹੀ

ਘੁਟਣ, ਜਿਵੇਂ ਅਕਾਸ਼ ਨੂੰ ਕਿਸੇ ਨੇ ਬੰਨ ਲਿਆ ਹੋਵੇ

ਹਵਾ ਦੇ ਜਿਵੇਂ ਪੈਰ ਨੂੜੇ ਹੋਣ

ਇਕ ਲਹਿਰ ਉਠਦੀ ਤੇ

ਰੋਗੀ ਦੀ ਨਬਜ਼ ਵਾਂਗ ਬੈਠ ਜਾਂਦੀ

ਛੱਡ ਦਿੱਤਾ ਮੈਂ ਸੁੱਤੇ ਅਕਾਸ਼ ਨੂੰ ਜਗਾਉਣਾ

ਮੌਸਮਾਂ ਵਿਚ ਲੁਪਤ ਬਰਸਾਤ ਨੂੰ ਬੁਲਾਉਣਾ

ਤਕਦੀਰਾਂ ਨਾਲ ਲੜਦਾ ਮੈਂ ਹਾਰ ਗਿਆ ਸਾਂ

ਫੇਰ

ਅਚਾਨਕ ਆਈ

ਇਕ ਬਦਲੋਟੀ ਜਿਹੀ

ਬਿਨਾਂ ਵਰ੍ਹਿਆਂ

ਮੇਰੇ ਅਸਮਾਨ ਤੋਂ ਢੱਕਣ ਚੁੱਕ ਗਈ

ਬਿਨਾਂ ਪਾਣੀ ਦੇ ਪੇਰੀ ਧਰਤੀ ਭਿਉਂ ਗਈ

ਮੈਂ ਅਭੜਵਾਹਾ ਜਿਹਾ

ਬਰਸਾਤੇ ਵਜੂਦ ਨਾਲ

ਧੋਤੇ ਅਸਮਾਨ ਨੂੰ ਦੇਖ ਰਿਹਾ ਹਾਂ

ਰਗਾਂ ਵਿਚ ਸੁੱਤੇ ਫੁਲ ਰਾਤੋ ਰਾਤ ਪੁੰਗਰ ਪਏ ਹਨ

ਮੇਰੇ ਮੌਲਾ, ਤੇਰੇ ਇਹ ਕੀ ਰੰਗ ਨੇ

📝 ਸੋਧ ਲਈ ਭੇਜੋ