ਪੰਛੀ ਉੱਡਦੇ
ਜਾਂਦੇ ਨੇ ਦੂਰ ਦਿਸ਼ਾਵੀਂ
ਪਰਤ ਆਉਂਦੇ
ਆਖ਼ਿਰ ਸ਼ਾਮ ਢਲੀ ਤੋਂ
ਫੇਰ ਆਪਣੇ
ਆਲ੍ਹਣਿਆਂ ਵਿੱਚ
ਗੱਡੀਆਂ ਜਾਂਦੀਆਂ
ਪਰਤ ਆਉਂਦੀਆਂ
ਸਟੇਸ਼ਨਾਂ ਤੇ
ਲੰਮੀਆਂ ਸੀਟੀਆਂ ਮਾਰਦੀਆਂ
ਰੁੱਤਾਂ ਜਾਂਦੀਆਂ
ਫਿਰ ਪਰਤ ਆਉਂਦੀਆਂ
ਦਿਨ ਚੜ੍ਹਦਾ
ਛਿਪਦਾ
ਫਿਰ ਚੜ੍ਹਦਾ
ਬਰਫ਼ ਪਿਘਲਦੀ
ਨਦੀਆਂ ’ਚ ਨੀਰ ਵਗਦਾ
ਸਮੁੰਦਰਾਂ ’ਚੋਂ ਪਾਣੀ
ਭਾਫ਼ ਬਣ ਕੇ ਉੱਡਦਾ
ਬੱਦਲ ਬਣਦਾ
ਫਿਰ ਪਹਾੜਾਂ ਦੀਆਂ
ਟੀਸੀਆਂ ਤੇ
ਬਰਫ਼ ਬਣ ਕੇ ਚਮਕਦਾ
ਉਡਦੀ ਆਤਮਾ
ਖਿਲਾਅ ’ਚ ਭਟਕਦੀ
ਫਿਰ ਕਿਸੇ ਜਿਸਮ ਵਿੱਚ
ਪ੍ਰਵੇਸ਼ ਕਰਦੀ
ਸਭ ਕੁਝ ਜਾਂਦਾ
ਸਭ ਕੁਝ ਪਰਤ ਆਉਂਦਾ
ਨਹੀਂ ਪਰਤਦਾ
ਇਸ ਬ੍ਰਹਿਮੰਡ ਵਿੱਚ
ਤਾਂ ਸਿਰਫ਼
ਪਹਿਲਾ ਪਿਆਰ ਨਹੀਂ ਪਰਤਦਾ
ਇੱਕ ਵਾਰ ਗੁਆਚਦਾ
ਤਾਂ ਮਨੁੱਖ
ਜਨਮੋ ਜਨਮ
ਕਿੰਨੇ ਜਨਮ
ਉਸ ਲਈ
ਭਟਕਦਾ ਰਹਿੰਦਾ.....।