ਪਹਿਲਾ ਸੁਪਨਾ

ਪਹਿਲਾ ਸੁਪਨਾ 

ਮਾਂ ਦੀ ਗੋਦ ਵਿਚ 

ਜਾਂ ਛਾਤੀ ਨਾਲ ਲੱਗ ਕੇ ਲਿਖਿਆ

ਜਾਂਦਾ ਹੈ

ਗੁੜ੍ਹਤੀ ਦੀ ਉਂਗਲ ਨਾਲ

ਸ਼ਹਿਦ ਉਮਰਾਂ ਦੀ ਇਬਾਰਤ 

ਸ਼ੁਰੂ ਕਰਦਾ ਹੈ

ਪੰਘੂੜੇ ਦੇ ਹੁਲਾਰਿਆਂ ਦੀ

ਨੀਂਦ ਤੇ ਨਿੱਕੀਆਂ ਨਿੱਕੀਆਂ ਮੁਸਕਰਾਹਟਾਂ

ਸੁਪਨੇ

ਲੋਰੀਆਂ ਦੀਆਂ ਸੁਰਾਂ ਉਪਰ

ਉੱਕਰੇ ਹੁੰਦੇ ਨੇ

ਤੋਤਲੇ ਬੋਲਾਂ ਕੋਲ ਵੀ

ਅਰਸ਼ ਤਾਰਿਆਂ ਨੂੰ ਛੂਹਣ ਦਾ

ਹੱਕ ਹੁੰਦਾ ਹੈ

ਇਹ ਸਭ ਕੁੱਝ

ਓਹਦੀ ਘੁੱਗੀ ਵਰਗੀ ਬੋਤਲ

ਤੇ ਦੁੱਧ ਦੇ ਘੁੱਟਾਂ 'ਚ 

ਕੋਈ ਪਰੀ ਸਿਰਾਣ੍ਹੇ ਵਿਛਾ ਜਾਂਦੀ ਹੈ 

ਫਿਰ ਖਿਲੌਣਿਆਂ ਦੀ ਆਵਾਜ਼

ਛਣਕਿਆਂ ਦੀ ਛਣਕਾਰ

ਵਿਹੜੇ ਨੂੰ ਸ਼ਰਸ਼ਾਰ ਕਰਦੀ ਹੈ

ਰਿੜ੍ਹਨਾ ਤੁਰਨਾ ਨਿੱਕੀਆਂ ਨਿੱਕੀਆਂ

ਹਾਸੀਆਂ ਚੋਂ ਉਗਮਦਾ ਹੈ

ਕੁਤਕੁਤਾਰੀਆਂ ਦਾ ਰਾਗ 

ਜਦ ਖ਼ੁਸ਼ੀਆਂ ਖਿਲਾਰਦਾ ਹੈ

ਤਾਂ ਚੰਦ ਮਾਮਾ ਵੀ ਨਾਲ ਖੇਡਣ ਜਾਂਦਾ ਹੈ

ਓਦੋਂ ਬਨੇਰਿਆਂ ਦੇ ਮੱਥੇ ਤੇ

ਇਤਿਹਾਸ ਖੁਣਿਆ ਜਾਂਦਾ ਹੈ

ਉਮਰਾਂ ਨਾਲ ਜੋ ਬੰਨ੍ਹਣਾ ਪੈ ਜਾਏ

ਉਹ ਭਾਰ ਕਦੇ ਨਾ ਚੁੱਕਣਾ

ਸੋਹਣਾ ਤੇਰੇ ਵਰਗਾ 

ਗੀਤ ਲਿਖਦੇ ਹਾਂ

ਜੋ ਵਾਰ ਵਾਰ ਗਾਇਆ ਜਾਏਗਾ

ਜੋ ਇਕ ਵਾਰੀ ਵਿਚ 

ਲਿਖ ਲਈਦਾ

ਤੈਨੂੰ ਦੇਖਦਿਆਂ ਹੀ ਦੇਖਦਿਆਂ

ਤੇਰੀ ਮਹਿਕ ਲਿਖਵਾ ਲੈਂਦੀ ਹੈ

ਤੇਰੀ ਨਜ਼ਰਾਂ ਲਿਖ ਦਿੰਦੀਆਂ ਨੇ 

ਅਗਲੀਆਂ ਸਤਰਾਂ

ਤੇ ਇਕ ਗੀਤ ਜਾਂ ਗ਼ਜ਼ਲ ਬਣ ਜਾਂਦੀ ਹੈ

📝 ਸੋਧ ਲਈ ਭੇਜੋ