ਪਹਿਲਾਂ ਹੱਕ ਦੀ ਗੱਲ ਅਲੀ

ਪਹਿਲਾਂ ਹੱਕ ਦੀ ਗੱਲ ਅਲੀ ਐਲਾਨ ਕਹਿਣੀ ਚਾਹੀਦੀ

ਫੇਰ ਸਿਰ ਤੇ ਜੋ ਵੀ ਆਵੇ ਹਸ ਕੇ ਸਹਿਣੀ ਚਾਹੀਦੀ

ਟੁਰ ਪਵੋ ਜ਼ੁਲਮਾਂ ਤੇ ਬੇਇਨਸਾਫ਼ੀਆਂ ਦੇ ਖੇਤ ਵੱਲ,

ਫ਼ਸਲ ਪੱਕ ਜਾਏ ਜਦੋਂ ਕੋਈ ਤੇ ਗਾਹੁਣੀ ਚਾਹੀਦੀ

ਜਿਹੜੀ ਗੱਲ ਕਹਿਨਾ ਏਂ ਤੂੰ ਮੈਂ ਤੇ ਦਿਲੋਂ ਕਰਨਾ ਕਬੂਲ,

ਪਰ ਉਹ ਲੋਕਾਂ ਦੇ ਦਿਲਾਂ ਵਿਚ ਵੀ ਤੇ ਬਹਿਣੀ ਚਾਹੀਦੀ

ਜੱਗ ਵਿਖਾਵੇ ਦੇ ਲਈ ਕੱਠਿਆਂ ਕਦੀ ਮਿਲ ਬਹਿਣ ਨੂੰ,

ਇਕ ਨਾ ਇਕ ਸੂਰਤ ਕੋਈ ਬਾਕੀ ਵੀ ਰਹਿਣੀ ਚਾਹੀਦੀ

ਲਾਲ ਪੀਲੇ ਫੁਲ ਸਦਾ ਦਰਦਾਂ ਦੇ ਖਿੜਦੇ ਰਹਿਣਗੇ,

ਜਿਸਮ ਦੇ ਬਾਗੇ ਸਲਾਮਤ ਦਿਲ ਦੀ ਟਹਿਣੀ ਚਾਹੀਦੀ

ਮੇਰੇ ਵਲ ਉਹ ਰਿਹਾ ਖ਼ਬਰੇ ਇਹੋ ਸੋਚ ਕੇ,

ਕੀਤਿਆਂ ਕੌਲਾਂ ਦੀ ਪੰਡ ਅਜ ਸਿਰ ਤੋਂ ਲਹਿਣੀ ਚਾਹੀਦੀ

ਗਿਆ 'ਸਾਕੀ' ਤਾਂ ਪੱਥਰ ਦਿਲਾਂ ਦੇ ਸ਼ਹਿਰ ਵਿਚ,

ਪਿਆਰ ਦੀ ਏਥੇ ਵੀ ਇਕ ਅੱਧ ਲੀਕ ਬਹਿਣੀ ਚਾਹੀਦੀ

📝 ਸੋਧ ਲਈ ਭੇਜੋ