ਪਹਿਲੀ ਬਾਰਿਸ਼

ਮੇਰੇ ਅੰਦਰੋਂ ਉੱਠੀ

ਸੋਂਧੀ ਸੋਂਧੀ ਖੁਸ਼ਬੋਈ

ਮੇਰੀ ਰੂਹ ਦੀ ਮਿੱਟੀ ਤੇ

ਅੱਜ ਪਹਿਲੀ ਬਾਰਿਸ਼ ਹੋਈ

ਇਸ਼ਕੇ ਦੀ ਬਾਰਿਸ਼ ਹੈ

ਹਰ ਬੂੰਦ 'ਚ ਆਤਿਸ਼ ਹੈ

ਅਜ਼ਲਾਂ ਤੋਂ ਵਰ੍ਹ ਰਹੀ

ਆਦਮ ਦੀ ਖ਼ਾਹਿਸ਼ ਹੈ

ਫ਼ਕੀਰਾਂ ਦੀ ਮਸਤੀ

ਰੰਗਾਂ ਦੀ ਬਸਤੀ

ਪਰਲੋ ਤੂਫ਼ਾਨ ਅੰਦਰ

ਇਹ ਨੂਹ ਦੀ ਕਸ਼ਤੀ

ਬੁੱਲ੍ਹੇ ਦੀ ਸੂਫ਼ ਪੱਗੜੀ

ਵਾਰਿਸ ਸ਼ਾਹ ਦੀ ਹੈ ਲੋਈ

ਮੇਰੀ ਰੂਹ ਦੀ ਮਿੱਟੀ ਤੇ

ਅੱਜ ਪਹਿਲੀ ਬਾਰਿਸ਼ ਹੋਈ

ਮੇਰੇ ਅੰਦਰੋਂ ਉੱਠੀ

ਸੋਂਧੀ ਸੋਂਧੀ ਖੁਸ਼ਬੋਈ

ਚਲੀਆਂ ਸ਼ੋਖ ਹਵਾਵਾਂ

ਘੁਲੇ ਬੱਦਲ ਮੇਰੇ ਸਾਵਾਂ

ਇਹ ਮਸਤਿਆ ਹੋਇਆ ਅੰਬਰ

ਮੈਂ ਭਰਿਆ ਅੰਦਰ ਬਾਹਾਂ

ਮੇਰੇ ਭਿੱਜੇ ਸਾਰੇ ਲੀੜੇ

ਮੈਥੋਂ ਗਏ ਨਾ ਬੂਹੇ ਭੀੜੇ

ਮੇਰੇ ਚਾਵਾਂ ਲਾਈ ਛਹਿਬਰ

ਹਿੱਕੜੀ ਦੇ ਖੁੱਲ੍ਹ ਗਏ ਬੀੜੇ

ਮੈਂ ਬਰਫ਼ਾਂ ਵਾਂਗੂ ਨਿੱਖਰਿਆ

ਜਿੰਦ ਜਾਨ ਗਈ ਮੇਰੀ ਧੋਈ

ਮੇਰੀ ਰੂਹ ਦੀ ਮਿੱਟੀ ਤੇ

ਅੱਜ ਪਹਿਲੀ ਬਾਰਿਸ਼ ਹੋਈ

ਮੇਰੇ ਅੰਦਰੋਂ ਉੱਠੀ

ਸੋਂਧੀ ਸੋਂਧੀ ਖੁਸ਼ਬੋਈ    

ਹਰ ਪਾਸੇ ਸੱਜਰੇ ਰੰਗ

ਮੈਂ ਫਿਰਾਂ ਮੁਹੱਬਤ ਸੰਗ

ਮੇਰੇ ਕੋਲ ਦੀ ਵਗੇ ਝਨਾਬ

ਮੇਰੀ ਗਲ਼ੀਆਂ ਵੱਸਿਆ ਝੰਗ

ਕਦੇ ਝਾਂਜਰ ਕਦੇ ਵੰਝਲੀ

ਮੇਰੇ ਕੰਨੀਂ ਵੱਜਦੀ

ਨਿੱਤ ਨਵੀਂ ਨਕੋਰ ਨਜ਼ਮ ਕੋਈ

ਮੇਰੇ ਖ਼ਿਆਲਾਂ ਵਿੱਚੋਂ ਲੰਘਦੀ

ਮਨ ਵਰਕਾ ਸੋਚ ਕਲਮ ਤੇ

ਰੱਤ ਸੁਰਖ਼ ਸਿਆਹੀ ਹੋਈ

ਮੇਰੀ ਰੂਹ ਦੀ ਮਿੱਟੀ ਤੇ

ਅੱਜ ਪਹਿਲੀ ਬਾਰਿਸ਼ ਹੋਈ

ਮੇਰੇ ਅੰਦਰੋਂ ਉੱਠੀ

ਸੋਂਧੀ ਸੋਂਧੀ ਖੁਸ਼ਬੋਈ

📝 ਸੋਧ ਲਈ ਭੇਜੋ