ਪਹਿਲੀ ਕਿਰਨ ਦਾ ਨੂਰ ਤਾਂ

ਪਹਿਲੀ ਕਿਰਨ ਦਾ ਨੂਰ ਤਾਂ, ਸੋਨਾ ਜਿਵੇਂ ਬਿਖਰਾ ਗਿਆ,

ਜਾਗੋ ਵੇ ਬਸਤੀ ਵਾਲਿਉ, ਸੂਰਜ ਸਿਰਾਂ ਤੇ ਗਿਆ

ਸੁੱਤੇ ਰਹੋ ਦੁਪਹਿਰ ਤੱਕ, ਤਾਂ ਕੀ ਬਣੇਗਾ ਜੇ ਕਦੇ,

ਸੋਹਣਾ ਜਿਹਾ ਸੁਪਨਾ ਕੋਈ, ਅਖਾਂ 'ਚ ਹੀ ਪਥਰਾ ਗਿਆ॥

ਗਰਮੀ 'ਚ ਧੁੱਪੇ ਬੈਠ ਕੇ, ਭਾਸ਼ਣ ਉਨ੍ਹਾਂ ਦਾ ਸੁਣਦਿਆਂ,

ਕਈਆਂ ਦਾ ਸਿਰ ਚਕਰਾ ਗਿਆ, ਕਈਆਂ ਦਾ ਦਿਲ ਘਬਰਾ ਗਿਆ

ਫੁਲਾਂ ਦੇ ਪਾ ਕੇ ਹਾਰ ਗਲ, ਆਏ ਨੇ ਰਾਖੇ ਬਾਗ਼ ਦੇ,

ਲਗਰਾਂ ਨੇ ਨੀਵੀਂ ਪਾ ਲਈ, ਕਲੀਆਂ 'ਚ ਮਾਤਮ ਛਾ ਗਿਆ॥

ਹਰ ਬੂੰਦ ਵਿਚ ਨੇ ਬਿਜਲੀਆਂ, ਹਰ ਲਹਿਰ ਵਿਚ ਤੂਫ਼ਾਨ ਹੈ,

ਚੜ੍ਹਦੀ ਨਦੀ ਨੇ ਖੋਰਨੈ, ਪਰਬਤ ਵੀ ਜੇ ਟਕਰਾ ਗਿਆ

📝 ਸੋਧ ਲਈ ਭੇਜੋ