ਕਾਗਜ਼ ਤੇ ਰੱਖੇ ਸ਼ਬਦ
ਤਿਲ੍ਹਕ ਜਾਂਦੇ ਹਨ
ਹਵਾ ਵਿੱਚ ਕਹੇ ਬੋਲ
ਬਿਖਰ ਜਾਂਦੇ ਹਨ
ਧਰਤੀ ਤੇ ਮਿਲਦੇ ਲੋਕ
ਵਿਛੜ ਜਾਂਦੇ ਹਨ
ਤੂੰ ਮੈਨੂੰ ਕਿਸੇ ਹੋਰ ਸਤਹ ਤੇ ਮਿਲ
ਬੜੀ ਵਾਰ ਮੈਂ ਤੈਨੂੰ
ਪਕੜਨ ਦੀ ਕੋਸ਼ਿਸ਼ ਕੀਤੀ
ਮੈਂ ਤੇਰੇ ਵਜੂਦ ਨੂੰ
ਆਪਣੀ ਹੋਂਦ ਦੁਆਲੇ
ਵਲ੍ਹੇਟ ਲਿਆ ਲੋਈ ਦੀ ਤਰਾਂ
ਮੈਂ ਆਪਣੀ ਰੂਹ ਨੂੰ
ਤੇਰੇ ਰੰਗ ਵਿੱਚ
ਡੋਬ ਦਿੱਤਾ
ਪਰ ਮੈਂ ਹਾਂ ਕਿ ਰੰਗ ਕੋਈ
ਚੜ੍ਹਦਾ ਨਹੀਂ ਹੈ
ਤੇਰਾ ਹਰ ਅਕਾਰ
ਹੱਥਾਂ ਚੋਂ ਕਿਰ ਜਾਂਦਾ ਹੈ
ਤੂੰ ਮੈਨੂੰ ਇੰਝ ਨਹੀਂ ਸੀ ਮਿਲਣਾ
ਜਿਵੇਂ ਜਿਸਮ ਮਿਲਦੇ ਹਨ
ਜਿਵੇਂ ਦੋ ਪ੍ਰੇਮੀ ਮਿਲਦੇ ਹਨ
ਯੁਗਾਂ ਪਿਛੋਂ
ਮੁਹੱਬਤ ਇਹ ਬੜੀ ਚੀਕਣੀ ਹੈ
ਪਕੜੀ ਨਹੀਂ ਜਾਂਦੀ
ਧਰਤੀ ਬਹੁਤ ਤਿਲ੍ਹਕਵੀ ਹੈ
ਤੇ ਰਿਸ਼ਤੇ ਰਬੜ ਦੀਆਂ ਤਾਰਾਂ
ਜਿੰਨਾ ਮਰਜ਼ੀ ਕਸੋ
ਸਰਕ ਸਰਕ ਕੇ ਖੁਲ੍ਹ ਜਾਂਦੇ ਹਨ
ਮੈਂ ਤੈਨੂੰ ਹੁਣ ਹੱਥਾਂ ਨਾਲ
ਨਹੀਂ ਪਕੜਾਂਗਾ
ਰਿਸ਼ਤਿਆਂ ਦੀਆਂ ਰਸੀਆਂ ਨਾਲ
ਨਹੀਂ ਬੰਨ੍ਹਾਗਾਂ
ਮੈਂ ਗਲ ਤੇਰੇ ਵਿੱਚ ਹਾਰ ਨਹੀਂ ਪਾਵਾਂਗਾ
ਵਚਨਾਂ ਦੇ, ਸ਼ਬਦਾਂ ਦੇ
ਜ਼ਿੰਦਗੀ ਬਹੁਤ ਤਰਲ ਹੈ
ਤੇ ਸਾਡੇ ਕੋਲ ਸਿਰਫ ਸਥੂਲ ਜਿਸਮ ਹਨ
ਤੂੰ ਮੈਨੂੰ ਹੁਣ ਬੰਦਿਆਂ ਦੀ ਤਰਾਂ ਨਾ ਮਿਲੀਂ
ਸ਼ਬਦਾਂ ਵਚਨਾਂ ਵਿੱਚ ਨਾ ਮਿਲੀਂ
ਜਿਸਮਾਂ ਵਿੱਚ ਨਾ ਮਿਲੀਂ
ਤੂੰ ਮੈਨੂੰ ਹੁਣ ਕਿਸੇ ਹੋਰ ਸਤਹ ਤੇ ਮਿਲ