ਫੇਰ ਮੁਨਾਫ਼ਿਕ ਫੇਰ ਮੁਨਾਫ਼ਿਕ ਫੇਰ ਮੁਨਾਫ਼ਿਕ ਨਿਕਲੇ
ਕੁਝ ਕੁਝ ਯਾਰ ਕਮੀਨੇ ਤੇ ਕੁਝ ਢੇਰ ਮੁਨਾਫ਼ਿਕ ਨਿਕਲੇ
ਜਿਹਨੇ ਆਪਣੀ ਰੱਤ ਪਿਆਈ ਧੁੱਪਾਂ ਸਹਿ ਸਹਿ ਪਾਲ਼ੇ
ਮੈਂ ਤੱਕਿਆ ਉਸ ਬੇਰੀ ਦੇ ਈ ਬੇਰ ਮੁਨਾਫ਼ਿਕ ਨਿਕਲੇ
ਝੂਠ ਤੇ ਸੱਚ ਨੂੰ ਤੋਲਣ ਲੱਗਿਆਂ ਜਦ ਮੈਂ ਤੱਕੜੀ ਚਾੜ੍ਹੇ
ਤੌਬਾ ਦੀ ਵਾਹ ਪਾਈਏ ਕਈ ਕਈ ਸੇਰ ਮੁਨਾਫ਼ਿਕ ਨਿਕਲੇ
ਵੇਲ਼ੇ ਸਿਰ ਜੇ ਨਿੱਤਰ ਜਾਂਦੇ ਏਨਾ ਦੁੱਖ ਨਾ ਹੁੰਦਾ
ਦੁੱਖ ਏ ਇਹੋ ਕਰਕੇ ਬਹੁਤੀ ਦੇਰ ਮੁਨਾਫ਼ਿਕ ਨਿਕਲੇ
ਛਾਂਵਾਂ ਮਾਣਨ ਲਈ ਤੇ ਨਿੱਤ ਨਿੱਤ ਫਲ਼ ਖਾਵਣ ਲਈ ਕਸਮੇ
ਬਹਿੰਦੇ ਸਨ ਜੋ ਰੁੱਖ ਦੇ ਚਾਰ ਚੁਫੇਰ ਮੁਨਾਫ਼ਿਕ ਨਿਕਲੇ
ਭੁੱਲ ਭੁਲੇਖੇ ਜਾ ਫਸਿਆ ਮੈਂ ਜਦ ਗਿੱਦੜਾਂ ਦੀ ਬਸਤੀ
ਲੂੰਬੜ ਹੋ ਕੇ ਬਣਦੇ ਸਨ ਜੋ ਸ਼ੇਰ ਮੁਨਾਫ਼ਿਕ ਨਿਕਲੇ
ਐਵੇਂ ਤੇ ਨਈਂ ਆਏ ‘ਸੰਧੂ’ ਅੰਨ੍ਹੀਆਂ ਰਾਤਾਂ ਹੱਥੀਂ
ਸਾਡੇ ਦੀਵੇ ਵਧਿਆ ਸੀ ਜਦ ’ਨ੍ਹੇਰ ਮੁਨਾਫ਼ਿਕ ਨਿਕਲੇ