ਫੁੱਲ ਜਿਹਾ ਜਦ ਤਰਦਾ ਸੀ, ਤੂੰ ਸੱਚਾ ਸੈਂ
ਦਰਿਆ ਹੌਕੇ ਭਰਦਾ ਸੀ, ਤੂੰ ਸੱਚਾ ਸੈਂ
ਅੱਜ ਮੈਂ ਉਹਨੂੰ ਤੱਕਿਆ ਤੇ ਮਰਜਾਣੇ ਦਾ
ਹਾਸਾ ਗੱਲਾਂ ਕਰਦਾ ਸੀ, ਤੂੰ ਸੱਚਾ ਸੈਂ
ਉਸ ਤੋਂ ਰਾਤੀਂ ਚੰਨ ਤੇ ਦਿਨ ਨੂੰ ਸੂਰਜ ਵੀ
ਅੱਖ ਮਿਲਾਉਣ ਤੋਂ ਡਰਦਾ ਸੀ, ਤੂੰ ਸੱਚਾ ਸੈਂ
ਖਾਲੀ ਹਾਰ ਨਈਂ ਹਾਰਨ ਵਾਲ਼ਾ ਉਹਦੇ ਤੋਂ
ਖ਼ੌਰੇ ਕੀ ਕੀ ਹਰਦਾ ਸੀ, ਤੂੰ ਸੱਚਾ ਸੈਂ
ਸੂਰਜ ਜਿਹੇ ਨੂੰ ਜਦ ਕਦੀ ਵੀ ਮਿਲਦਾ ਸਾਂ
ਦਿਲ ਦਾ ਦੋਜ਼ਖ਼ ਠਰਦਾ ਸੀ, ਤੂੰ ਸੱਚਾ ਸੈਂ
ਉਹਦੇ ਉੱਤੇ ਮਰਕੇ ਜ਼ਿੰਦਗੀ ਮਿਲ਼ ਗਈ ਏ
ਐਵੇਂ ਨਈਂ ਜਗ ਮਰਦਾ ਸੀ, ਤੂੰ ਸੱਚਾ ਸੈਂ
ਦਿਲ ਦੇ ਹੱਥੋਂ ਉੱਜੜੇ ਆਂ ਤੇ ਸਮਝੇ ਆਂ
ਘਰ ਈ ਦੁਸ਼ਮਣ ਘਰਦਾ ਸੀ, ਤੂੰ ਸੱਚਾ ਸੈਂ
ਮੈਂ ’ਕੱਲਾ ਕੀ ਜਰਦਾ ‘ਸੰਧੂ’ ਉਹਦੇ ਲਈ
ਵੇਲ਼ਾ ਦੁੱਖੜੇ ਜਰਦਾ ਸੀ, ਤੂੰ ਸੱਚਾ ਸੈਂ