ਫੁੱਲ ਖਿੜਦੇ ਨੇ ਰਹੇ ਤੇ ਖਿੜ ਕੇ ਕੁਮਲਾਉਂਦੇ ਰਹੇ।
ਲੋਕ ਮੌਸਮ ਦੀ ਤਰ੍ਹਾਂ ਜਾਂਦੇ, ਰਹੇ ਆਉਂਦੇ ਰਹੇ।
ਹਰ ਤਰ੍ਹਾਂ ਦੀ ਕਰ ਤਬਾਹੀ ਮੁੜ ਗਏ ਤੂਫ਼ਾਨ ਜਦ,
ਟੁੱਟੇ ਪੁਲ਼ਾਂ ਦੇ ਹੇਠ ਪੰਛੀ ਆਲ੍ਹਣੇ ਪਾਉਂਦੇ ਰਹੇ।
ਤੂੰ ਕਦੀ ਤਾਕੀ ਝਰੋਖਾ ਖੋਲ੍ਹ ਨਾ ਤੱਕਿਆ ਕਿਵਾੜ,
ਪੌਣ ਬਣ ਕੇ ਘਰ ਤਿਰੇ ਦਾ ਦਰ ਹਾਂ ਖੜਕਾਉਂਦੇ ਰਹੇ।
ਕੀ ਉਨ੍ਹਾਂ ਦੁੱਖ ਧੁੱਪ ਦਾ, ਸੂਰਜ ਦਾ ਕੀ! ਹੈ ਸਮਝਣਾ,
ਲੋਕ ਜੋ ਹਨ ਰਾਤ ਦੀ ਤਕਦੀਰ ਬਣ ਜਾਂਦੇ ਰਹੇ।
ਹੇਠਲੇ ਫੁੱਟਪਾਥ ਤੇ ਠਰਕੇ ਮਰੀ ਦੁਨੀਆਂ ਮਿਰੀ,
ਦੂਸਰੀ ਮੰਜ਼ਲ ’ਚ ਤੇਰੇ ਫੁੱਲ ਮੁਸਕਰਾਉਂਦੇ ਰਹੇ।
ਸਾਫ਼ ਸੜਕਾਂ ਤੋਂ ਏਂ ਲੱਭਦਾ ਚਿੰਨ੍ਹ ਕਿਸਦੀ ਪੈੜ ਦੇ,
ਜਦ ਸੀ ਪੈੜਾਂ ਬਚਦੀਆਂ ਹੁਣ ਉਹ ਸਮੇਂ ਜਾਂਦੇ ਰਹੇ।