ਫੁੱਲ ਤੋਂ ਹੌਲੀ ਅਤੇ ਪੱਥਰਾਂ ਤੋਂ ਭਾਰੀ

ਫੁੱਲ ਤੋਂ ਹੌਲੀ ਅਤੇ ਪੱਥਰਾਂ ਤੋਂ ਭਾਰੀ ਜ਼ਿੰਦਗੀ।

ਸਮਝ ਨਾ ਆਵੇ ਅਕਾਸ਼ੋਂ ਕਿਸ ਉਤਾਰੀ ਜ਼ਿੰਦਗੀ।

ਮਿੱਟੀ, ਪਾਣੀ, ਰੌਸ਼ਨੀ ਤੇ ਹੈ ਹਵਾ ਦੀ ਖੇਡ ਸਾਰੀ,

ਏਸ ਤੋਂ ਅੱਗੇ ਤਾਂ ਹੈ ਬਸ ਸਮਝੋ ਬਾਹਰੀ ਜ਼ਿੰਦਗੀ।

ਉੱਡਦੀ ਹੋਊ ਅਕਾਸ਼ਾਂ ਤੇ ਕਦੀ ਪਰੀਆਂ ਤਰ੍ਹਾਂ,

ਚੁੱਕਕੇ ਪਰ ਧਰਤ ਉੱਤੇ ਕਿਸਨੇ? ਮਾਰੀ ਜ਼ਿੰਦਗੀ।

ਹੈ ਤਾਂ ਮਿੱਟੀ ਦਾ ਹੀ ਬੁੱਤ ਪਰ ਓਸ ਬੁਤ ਤਰਾਸ਼ ਨੂੰ,

ਜੇ ਹੈ ਕੁਝ ‘ਖ਼ੁਦਦਾਰ’ ਤਾਂ ਲੱਗੇ ਪਿਆਰੀ ਜ਼ਿੰਦਗੀ।

ਜੰਡ ਦਾ ਤਰਕਸ਼, ਜਾਂ ਮੱਛੀ ਪੱਟ ਦੀ, ਸਹਿਰਾ ਦੀ ਰੇਤ,

ਰੁੱਖ ਨੇ? ਦਰਿਆ ਨੇ? ਕਿ ਧੁੱਪਾਂ ਨੇ ਮਾਰੀ ਜ਼ਿੰਦਗੀ।

ਉਮਰ ਲੰਬੀ ਦੀ ਦੁਆ ਕੀਤੀ ਮੈਂ ਵਾਪਸ ਓਸ ਨੂੰ,

ਮੇਰੇ ਤੋਂ ਜੀਵੀ ਨਹੀਂ ਜਾਣੀ ਉਧਾਰੀ ਜ਼ਿੰਦਗੀ।

📝 ਸੋਧ ਲਈ ਭੇਜੋ