ਫੁੱਲਾ ਵੇ ਬਹਾਰ ਦਿਆ

ਫੁੱਲਾ ਵੇ ਬਹਾਰ ਦਿਆ, ਚੰਗੇ ਲੱਗਦੇ ਨਹੀਂ ਤੇਰੇ ਵੇ ਖਿਲਾਰੇ

ਮੁੜਕੇ ਬਸੰਤ ਗਈ, ਪਰ ਆਇਆ ਨਹੀਂ ਚੀਨੀ ਅਸਵਾਰੇ

ਜਿਵੇਂ ਤੇਰੇ ਬੁੱਲ੍ਹਾਂ ਨੂੰ ਤਰੇਲ ਦੀ ਉਡੀਕ ਵੇ,

ਤਿਵੇਂ ਚੀਨੀ ਵਾਲੇ ਕੋਈ ਦੱਸੀ ਨਾ ਤਰੀਕ ਵੇ,

ਸੂਹੇ ਸੂਹੇ ਫੁੱਲ ਜਾਪਦੇ, ਜਿਵੇਂ ਬਾਗ਼ਾਂ ਵਿਚ ਮਘਣ ਅੰਗਾਰੇ

ਫੁੱਲਾ ਵੇ ਬਹਾਰ ਦਿਆ.................

ਮੌਸਮਾਂ ਨੇ ਖੇਤਾਂ ਵਿਚ ਮਹਿਕਾਂ ਨੇ ਖਿਲਾਰੀਆਂ

ਕੇ ਵੇਖ ਸਾਡੀਆਂ ਤਾਂ, ਸੁੱਕੀਆਂ ਕਿਆਰੀਆਂ

ਰੁੱਤ ਵੀ ਕੁਆਰੀ ਜਾਪਦੀ, ਜਿਵੇਂ ਸਾਡੇ ਹਨ ਚਾਅ ਵੀ ਕੁਆਰੇ

ਫੁੱਲਾ ਵੇ ਬਹਾਰ ਦਿਆ.................

ਪੰਜਾਂ ਦਰਿਆਵਾਂ ਦੀਆਂ ਪੱਤਣਾਂ ਹੰਗਾਲੀਆਂ

ਪੈੜਾਂ ਉਹਦੀ ਚੀਨੀ ਦੀਆਂ ਲੱਭੀਆਂ ਨਾ ਭਾਲੀਆਂ

ਚੰਨ ਤੇ 'ਉਦਾਸੀ' ਜਾਪਦੀ, ਪਏ ਲੱਭਦੇ ਅੰਬਰ ਦੇ ਤਾਰੇ

ਫੁੱਲਾ ਵੇ ਬਹਾਰ ਦਿਆ, ਚੰਗੇ ਲੱਗਦੇ ਨਹੀਂ ਤੇਰੇ ਵੇ ਖਿਲਾਰੇ

📝 ਸੋਧ ਲਈ ਭੇਜੋ