ਫੁੱਲਾਂ ਦਾ ਜੋ ਰਿਸ਼ਤਾ ਏ ਮਹਿਕਾਰ ਦੇ ਨਾਲ ।
ਉਹੋ ਰਿਸ਼ਤਾ ਚਿਹਰੇ ਦਾ ਕਿਰਦਾਰ ਦੇ ਨਾਲ ।
ਬੇਚੈਨੀ ਬਸ ਦੂਰ ਏ ਮੈਥੋਂ ਏਸੇ ਲਈ,
ਮੈਂ ਨਹੀਂ ਰੱਖਦਾ ਸਾਂਝ ਕਿਸੇ ਮੱਕਾਰ ਦੇ ਨਾਲ ।
ਯਾਰੀ ਵਿਚ ਕੁਝ ਗਰਮੀ ਸਰਦੀ ਫਬਦੀ ਏ,
ਪਿਆਰ ਦਿਲਾਂ ਵਿਚ ਵਧਦਾ ਏ ਤਕਰਾਰ ਦੇ ਨਾਲ ।
ਮੰਜ਼ਿਲ ਕੋਲੋਂ ਦੂਰੀ ਉਹਦੀ ਕਿਸਮਤ ਏ,
ਚਲਦਾ ਨਹੀਂ ਜੋ ਵੇਲੇ ਦੀ ਰਫ਼ਤਾਰ ਦੇ ਨਾਲ ।
ਸੱਚ ਦੇ ਪਾਰੋਂ ਮਸਨਦ ਤੇ ਨਹੀਂ ਮਿਲ ਸਕਦੀ,
ਰਿਸ਼ਤਾ ਏ ਸੱਚਾਈ ਦਾ ਬਸ ਦਾਰ ਦੇ ਨਾਲ ।
ਸੋਚ-ਸਮਝ ਕੇ ਬੰਨੀ ਤੂੰ ਦਸਤਾਰ 'ਸਲੀਮ',
ਏਥੇ ਸਿਰ ਵੀ ਲਹਿ ਜਾਂਦੈ ਦਸਤਾਰ ਦੇ ਨਾਲ ।