ਪਿਆਰ ਦੇ ਚੁੰਮਣ ਦੀ ਥਾਂ ਪੱਥਰ ਮਿਲੇ, ਮੈਂ ਸਾਂਭ ਲਏ।
ਜ਼ਖ਼ਮ ਜੋ ਤੇਰੇ ਦਰੋਂ ਅਕਸਰ ਮਿਲੇ, ਮੈਂ ਸਾਂਭ ਲਏ ।
ਪੀੜ ਤੇਰੀ 'ਚੋਂ ਸਰੂਰ ਆਇਆ ਤਾਂ ਲਾਲਚ ਹੋ ਗਿਆ,
ਹਾਦਸੇ ਜੋ ਵੀ ਤੇਰੇ ਵਾਂਗਰ ਮਿਲੇ, ਮੈਂ ਸਾਂਭ ਲਏ ।
ਜਿਸ ਪਰਿੰਦੇ ਦਾ ਮੇਰੇ ਘਰ ਆਲ੍ਹਣਾ ਸੀ ਉਡ ਗਿਆ,
ਆਲ੍ਹਣੇ ਉਸ ਦੇ 'ਚੋਂ ਇਕ ਦੋ ਪਰ ਮਿਲੇ, ਮੈਂ ਸਾਂਭ ਲਏ ।
ਪਿਆਰ ਤੇਰੇ ਨੇ ਬਣਾ ਦਿੱਤੀ ਮੇਰੀ ਹਸਤੀ ਵਿਸ਼ਾਲ,
ਪੀੜ ਦੇ ਦਰਿਆ ਮਿਲੇ, ਸਾਗਰ ਮਿਲੇ, ਮੈਂ ਸਾਂਭ ਲਏ ।
ਆਤਮਾ ਮੇਰੀ 'ਚ ਵਰ੍ਹਿਆਂ ਤੋਂ ਸੀ ਰੜਕਾਂ ਪੈਂਦੀਆਂ,
ਫੋਲਿਆਂ ਕੁਝ ਹਿਜਰ ਦੇ ਖੰਜਰ ਮਿਲੇ, ਮੈਂ ਸਾਂਭ ਲਏ।
ਸੋਚ ਕੇ ਏਹੀ ਕਿ ਇਕ ਦਾਸਤਾਂ ਬਣ ਜਾਣਗੇ,
ਤੇਰਿਆਂ ਹੋਠਾਂ ਦੇ ਦੋ ਅੱਖਰ ਮਿਲੇ, ਮੈਂ ਸਾਂਭ ਲਏ ।