ਪਿਆਰ ਮੁਹੱਬਤ ਵਾਲੇ ਭਾਂਬੜ ਦਿਲ ਵਿਚ ਬਾਲੇ ਆਪੇ ।
ਬਣ ਕੇ ਮਹਿਰਮ ਦਰਦੀ ਮੇਰਾ ਕਿਹੜਾ ਅੱਗ ਇਹ ਤਾਪੇ ।
ਧਨ ਦੌਲਤ ਦੇ ਭੁੱਖੇ ਲਗਦੇ ਬੇਹਿਸ ਦੁਨੀਆ ਵਾਲੇ,
ਧੀ ਦੀ ਡੋਲੀ ਕਿੰਜ ਤੋਰਣਗੇ ਘਰ ਚੋਂ ਮਾੜੇ ਮਾਪੇ ।
ਤੇਰੀ ਅੱਖ ਦੇ ਬੂਟੇ ਨਾਲੋਂ ਇੰਜ ਮੈਂ ਟੁੱਟ ਕੇ ਡਿੱਗਿਆ,
ਪਤਝੜ ਦੇ ਵਿਚ ਡਿਗਦੇ ਜੀਵੇਂ ਰੁੱਖਾਂ ਨਾਲੋਂ ਪਾਪੇ ।
ਕਟ ਜਾਵੇਗਾ ਮੇਰਾ ਨਾਵਾਂ ਅੱਜ ਧਰਤੀ ਤੋਂ ਯਾਰੋ,
ਰਾਤ ਹਨੇਰੀ ਮਾੜੀ ਜਿੰਦੜੀ ਜ਼ੋਰਾਵਰ ਇਕਲਾਪੇ ।
ਲੱਭਣ ਟੁਰੀਏ ਸੱਜਣਾਂ ਤੂੰ ਚਲ ਉੱਠ, ਅੱਲ੍ਹਾ ਦੀ ਯਾਰੀ,
ਘਰ ਵਿਚ ਬੈਠੇ ਮੁਸ਼ਕਿਲ ਹੁੰਦੇ 'ਆਹੂ' ਮੇਲ ਮਿਲਾਪੇ ।