ਬੀਤਦਾ ਹੈ ਵਕਤ ਜਿਵੇਂ

ਜਿਸਮ ’ਚ ਗਹਿਰਾ

ਹੋਰ ਗਹਿਰਾ

ਲੱਥਦਾ ਜਾਂਦਾ ਹੈ ਪਿਆਰ ਤੇਰਾ

 

ਪਹਿਲਾਂ ਵਾਂਗ ਭਾਵੇਂ

ਹੁਣ ਮੈਂ ਤੈਨੂੰ ਕੁਝ ਨਹੀਂ ਕਹਿੰਦਾ

ਤੇਰੇ ਸਾਹਮਣੇ ਬੈਠ ਕੇ ਨਹੀਂ ਕਰਦਾ

ਪਿਆਰ ਦਾ ਇਜ਼ਹਾਰ

ਸਾਰੀ ਉਮਰ ਨਾਲ ਰਹਿਣ ਦੇ

ਵਾਅਦੇ ਵੀ ਨਹੀਂ ਕਰਦਾ

ਇਕੱਠੇ ਖੁਦਕੁਸ਼ੀ ਕਰਨ ਦਾ

ਕਰਦਾ ਨਹੀਂ ਕੋਈ ਇਕਰਾਰ

ਤੂੰ ਸੋਚਦੀ ਹੋਵੇਂ ਸ਼ਾਇਦ

ਕਿ ਹੁਣ ਨਹੀਂ ਹੈ ਮੈਨੂੰ

ਪਿਆਰ ਤੇਰੇ ਨਾਲ

 

ਪਰ ਬੀਤਦਾ ਜਾਂਦਾ ਹੈ

ਵਕਤ ਜਿਵੇਂ

ਜਿਸਮ ’ਚ ਗਹਿਰਾ

ਹੋਰ ਗਹਿਰਾ

ਲੱਥਦਾ ਜਾਂਦਾ ਹੈ ਪਿਆਰ ਤੇਰਾ

 

ਹੁਣ ਮੈਂ ਸੋਚਦਾ ਹਾਂ

ਕਿ ਪਿਆਰ ਤੇਰਾ

ਮੇਰੇ ਲਈ

ਮੇਰੇ ਜਿਸਮ ’ਚ ਦੌੜਦਾ ਲਹੂ ਹੈ

ਜਿਸ ਦੇ ਨਾਲ ਸਲਾਮਤ ਹੈ

ਜਾਨ ਮੇਰੀ

 

ਤੂੰ ਮੇਰੀ ਕਵਿਤਾ ਦੇ

ਸਹਿਜ ਅਰਥਾਂ ’ਚੋਂ ਉਦੈ ਹੁੰਦੀ

ਮੇਰੇ ਹਰ ਸਾਹ ’ਚ

ਰਚੀ ਹੈ ਖੁਸ਼ਬੋ ਤੇਰੀ

 

ਦੀਵਾਰਾਂ

ਜਿਵੇਂ ਜਿਵੇਂ ਤੰਗ ਹੋ ਰਹੀਆਂ

ਰਿਸ਼ਤੇ

ਜਿਵੇਂ ਜਿਵੇਂ ਪੱਕ ਰਹੇ

ਪਹਾੜ ਤੇ ਉਤਰ ਰਹੀ

ਜਿਵੇਂ ਹੌਲੀ ਹੌਲੀ ਉਦਾਸ ਸੰਧਿਆ

 

ਜਿਵੇਂ ਜਿਵੇਂ

ਤੇਰੇ ਦੂਰ ਜਾਣ ਦਾ ਵਕਤ

ਕਰੀਬ ਰਿਹਾ

 

ਉਸੇ ਤਰਾਂ ਹੌਲੀ ਹੌਲੀ

ਜਿਸਮ ਵਿੱਚ

ਗਹਿਰਾ

ਹੋਰ ਗਹਿਰਾ

ਲੱਥਦਾ ਜਾਂਦਾ ਹੈ

ਪਿਆਰ ਤੇਰਾ।

📝 ਸੋਧ ਲਈ ਭੇਜੋ