ਅਸੀਂ ਮਾਹੀ ਦਾ ਦੇਸ ਛੱਡ ਚੱਲੇ
ਅਸੀਂ ਦਰਵੇਸ਼ ਚੱਲੇ ਦੇਸ ਬੇਗਾਨਿਆਂ।
ਸ਼ਾਹ ਸਵਾਰੋ
ਪੰਜ ਦਰਿਆਵਾਂ ਦੀ ਵਾਗ ਸੰਭਾਲਣੀ !
ਬਿਰਖ ਬੂਟਿਆਂ ਧਰਤੀ ਦੇ ਸੀਨੇ ਤੇ
ਬਲੀ ਪੰਜੇ ਦਾ ਅਸੀਂ ਧਰਵਾਸ ਛੱਡ ਚੱਲੇ ।
ਅੰਤਮ ਵਾਰ ਦੇਖ ਚੱਲੇ ਅਸੀਂ
ਪੰਜ ਦਰਿਆਵਾਂ ਦੀ ਛਾਤੀ ਤੇ ਖੋਭਿਆ
ਲਹੂ ਦੀ ਸ਼ਾਨ ਵਿਚ ਬਲਦਾ
ਸਾਡੀਆਂ ਜਿੱਤਾਂ ਦਾ ਕੋਟ ਅਸਮਾਨੀ।
ਅਸੀਂ ਛੱਡ ਚੱਲੇ
ਅਰਸ਼ਾਂ ਤੇ ਬਲਦੀ
ਆਪਣੇ ਸੀਨਿਆਂ ਦੀ ਸੰਜੋਅ ਨੂੰ;
ਅਸੀਂ ਨਲੂਏ ਦੀ ਧਾਂਕ ਛੱਡ ਚੱਲੇ
ਜੋ ਸਮੁੰਦਰਾਂ ਦੇ ਵਾਂਗ ਸੁੱਤੀ
ਜਮਰੋਦ ਦੇ ਕਿਲੇ ਵਿਚ;
ਅਸੀਂ ਸਰਕਾਰ ਦਾ ਨਾਮ ਛੱਡ ਚੱਲੇ
ਸ਼ਹਿਰ ਲਾਹੌਰ ਦੀਆਂ ਗਲੀਆਂ ਵਿਚ।
ਧ੍ਰੁਵ ਤਾਰੇ ਦੀ ਨਿਗਾਹ ਨੂੰ ਵਿੰਨ੍ਹਦੀ
ਵੀਰ ਅਕਾਲੀ ਦੇ ਨੇਜ਼ੇ ਦੀ ਨੋਕ ਤੇ
ਅਸੀਂ ਸਿਖਰ ਦੁਪਹਿਰਿਆਂ ਨੂੰ ਬਾਲ ਚੱਲੇ,
ਖ਼ੂਨ ਸ਼ਹੀਦਾਂ ਨੂੰ ਵਾਰ ਕੇ।
ਦਿੱਲੀ-ਲਾਹੌਰ ਨੂੰ ਕਹਿਰ ਵਿਚ ਸੁੱਟਦਾ
ਮੀਆਂ ਮੀਰ ਸਾਈਂ ਦਾ ਰੱਬੀ ਬਚਨ ਛੱਡ ਚੱਲੇ।
ਅਸੀਂ ਵੇਦਨਾ ਦੀ ਸੰਞ ਪਾ ਚੱਲੇ
ਪੰਚਮ ਪਾਤਸ਼ਾਹ ਮਿਹਰ ਦੇ ਸਾਈਂ ਦੇ
ਰਹਿਮ ਦੇ ਸ਼ਹੁ ਦਰਿਆ ਦੇ ਪੱਤਣੀਂ,
ਬਿਨ-ਮੰਗਿਆਂ ਬਖ਼ਸ਼ਿਆ ਦੋਜ਼ਖ਼ ਦੀ ਅੱਗ ਨੂੰ
ਜੋ ਬੰਨ੍ਹ ਕੇ ਬਿਜਲੀਆਂ ਦੇ ਸੀਨੇ ਤੇ
ਆਸਮਾਨਾਂ ਦੇ ਲੱਖਾਂ ਤਾਜ ਲੈ ਵਰ੍ਹਦਾ।
ਦੱਰੇ ਖ਼ਬਰਾਂ ਤੀਕਣ
ਸੂਰਜਾਂ ਦੀ ਭਖ਼ੀ ਸ਼ਮਸ਼ੀਰ ਦੇ ਸਾਹਮੇ
ਬਾਜ਼ ਵਾਂਗ ਹਿੱਕ-ਉਡਾਰੀਆ ਭਰਦੇ,
ਖ਼ੂਨ ਦੀ ਮਰਦੰਗ ਤੇ
ਹਸ਼ਰ ਦਾ ਡੱਗਾ ਮਾਰ ਕੇ
ਅਸੀਂ ਪਰਬਤਾਂ ਦੀ ਜਾਨ ਕੰਬਾ ਚੱਲੇ।
ਰੋਹ-ਰਹਾਣੀਆਂ ਤੇਗਾਂ ਦੀ ਛਾਂ ਥੱਲੇ
ਜੱਲਾਦਾਂ ਦੇ ਹੱਥਾਂ ਨੂੰ ਚੁੰਮਦੇ
ਅਸੀਂ ਗੁਜ਼ਰ ਚੱਲੇ ਸੋਹਣੇ ਚਨਾਬ ਦੇ ਵਾਂਗੂੰ;
ਅਸੀਂ ਸ਼ਹਿਰ ਲਾਹੌਰ ਵਿੱਚ ਧੁੰਮ ਪਾ ਚੱਲੇ
ਬੁੱਲ੍ਹੇ ਦੀ ਸੋਹਣੀ ਧਮਾਲ ਦੇ ਵਾਂਗੂੰ।
ਦਹਿਸ਼ਤਾਂ ਬੇਸ਼ੁਮਾਰ ਤਰਬਾਂ ਦੀਆਂ
ਧ੍ਰੁਵ ਤਾਰੇ ਦੀ ਨਿਗਾਹ ਵਿਚ ਤੇਗ ਵਾਂਗ ਵੱਜਣ ।
ਹਾਂ ! ਅਸੀਂ;
ਦੱਰੇ ਖ਼ੈਬਰਾਂ ਦੀ ਟੀਸੀ ਤੇ
ਬੰਨ੍ਹ ਕੇ ਆਪਣੀ ਗੂੰਜ ਨੂੰ ਚੱਲੇ,
ਅਸੀਂ ਆਸਮਾਨਾਂ ਦੇ ਸਿਰ ਨੂੰ ਪਾੜ ਕੇ ਚੱਲੇ।
ਅਸੀਂ ਮੋੜ ਚੱਲੇ
ਅਟਕ ਦੀ ਛਾਤੀ ਤੇ
ਵਣਾਂ ਵਾਂਗ ਝੁੱਲਦੇ ਅੰਨ੍ਹੇ ਹੰਕਾਰ ਨੂੰ
ਤੋੜ ਚੱਲੇ ਖ਼ੂਨਖਾਰ ਕਾਂਗਾਂ
ਸ਼ੀਹਾਂ ਦੇ ਪੰਜਿਆਂ ਵਾਂਗ ਟੁੱਟਦੀਆਂ ਧਾੜਾਂ
ਫਿਰਦੀਆਂ ਅਟਕ ਦੀ ਹਿੱਕ ਤੇ
ਝੱਗੋ ਝੱਗ ਦੁਧਾਰੀਆਂ ਤੇਗਾਂ ਦੇ ਵਾਂਗੂੰ।
ਯੋਗੀ ਦੇ ਧਿਆਨ ਜਿਉਂ
ਪੰਜਾਬ ਦੀ ਧਰਤ ਦੇ ਸਬਰ ਵਿਚ ਵੱਸੀਆਂ
ਦੱਰੇ ਖ਼ੈਬਰ ਵਲ ਉੱਡਦੇ ਘੋੜਾਂ ਦੀਆਂ ਟਾਪਾਂ,
ਤੇ ਚੀਕਾਂ
ਢਹਿੰਦੇ ਜੰਮੂ-ਕਸ਼ਮੀਰ ਦੇ ਕੋਟਾਂ ਦੀਆਂ,
ਤੇ
ਲਸ਼ਕਰਾਂ ਦੇ ਮਸਤਕ ਦੀ ਹੌਲਨਾਕ ਸੰਜੋਅ ਚੋਂ
ਮੁਲਤਾਨ ਦੇ ਰਣਾਂ ਵਿਚ ਚਮਕਦੀ ਦਹਿਸ਼ਤ,
ਡਿਗਦੀਆਂ ਸਰਦਾਰ ਅਟਾਰੀ ਦੀ ਤੇਗ ਤੋਂ
ਸਭਰਾਉਂ ਦੇ ਰਣ ਦੀਆਂ ਖ਼ੂਨ-ਕੰਨਸੋਆਂ।
ਬਿਰਖਾਂ ਦੀ ਚੁੱਪ ਵਾਂਗ ਇਸ ਸਬਰ ਨੂੰ ਚੁੱਕੀ
ਵਗ ਰਹੇ ਸਤਲੁਜ ਚਨਾਬ ਤੇ ਰਾਵੀ
ਦਸ਼ਮੇਸ਼ ਦੇ ਸਿਦਕ ਵਿਚ ਬੰਨ੍ਹੀ
ਸੌਂਪ ਚੱਲੇ ਅਸੀਂ ਇਹ ਸਬਰ ਦੀ ਧਨੁਖ ਨੂੰ।
ਸਾਂਭਣਾ ਜਾਨ ਤੋਂ ਪਿਆਰੇ ਸ਼ਾਹ ਮੁਹੰਮਦ ਦੀ ਯਾਦ ਨੂੰ
ਸਾਂਭਣਾ ਓਸ ਦੇ ਸ਼ਹੁ ਦਰਿਆਵਾਂ ਦੇ ਗੀਤ ਨੂੰ।
ਲੰਘੀਆਂ ਪਤਝੜਾਂ ਤੇ ਜ਼ਰਦ ਪੱਤਿਆਂ ਉੱਤੇ
ਤੇਗਾਂ ਦੇ ਗੀਤ ਨੂੰ ਸੀਨੇ ਨਾ' ਲਾਈ
ਸੌਂ ਰਹੀ ਅੰਮ੍ਰਿਤ ਵੇਲਿਆਂ ਦੀ ਬਾਣੀ—
ਹਿੱਕ ਵਿਚ ਛੁਪੀ ਬਹਾਰ ਦੀ ਉਮਰ ਦੇ ਕੋਲ
ਦਰਮਾਂਦੇ ਸਿਆਲ ਦੇ ਯਖ ਤੇ
ਆਸਮਾਨਾਂ ਦੀ ਕੜਕ ਨੂੰ
ਸੁੱਟਦਾ ਜਪੁਜੀ ਦਾ ਮਹਾਂ ਕਪਾਟ—
ਸਿਦਕ ਦੇ ਕੁਫ਼ਰ ਦਾ ਇਮਤਿਹਾਨ ਲੈਂਦਾ
ਚਰਖ-ਜ਼ਿਮੀਂ ਨੂੰ ਤੋੜਦਾ, ਕਟਕਦਾ
ਦਸ਼ਮੇਸ਼ ਦੇ ਜਾਪੁ ਦਾ ਤਪਿਆ ਦੁਪਹਿਰਾ।
ਅਸੀਂ ਛੱਡ ਚੱਲੋ ਕੁਫ਼ਰ ਦੇ ਗੀਤ ਨੂੰ
ਜੋ ਗਾਂਵਦਾ ਬੇ-ਮੁਹਾਰਾ ਚਰਖੜੀ ਉੱਤੇ
ਜੋ ਬੇ-ਲੱਜ ਹਸਦਾ ਜੱਲਾਦ ਦੇ ਸਾਹਵੇਂ।
ਤਾਰੂ ਸਿੰਘ ਦੀ ਰੱਤ ਨਾਲ ਸੂਲੀਆਂ ਉੱਤੇ
ਅਸੀਂ ਲਿਖ ਚੱਲੋ ਜ਼ਫਰਨਾਮਾ ਦਸ਼ਮੇਸ਼ ਦਾ।
ਮਨੀ ਸਿੰਘ ਦੇ ਸਿਦਕ ਦੇ ਗੀਤਾਂ ਨੂੰ
ਡੋਬ ਲੈਣਾ ਅੱਲਾ ਦੇ ਸਜਦੇ 'ਚ ਗ਼ਾਜ਼ੀਓ,
ਤੇਗਾਂ ਦੀ ਅੱਗ ਵਿਚ ਰੰਗ ਕੇ ਖ਼ੂਨ ਨੂੰ
ਰਹਿਮ ਦੇ ਤਾਰੇ ਤਕ ਸਜਦੇ ਦੀ ਚਮਕ ਲੈ ਜਾਣੀ।
ਅੱਲਾ ਦੇ ਗ਼ਾਜ਼ੀਓ, ਅਸੀਂ ਦਸ਼ਮੇਸ਼ ਦੇ ਬੇਟੇ,
ਜੱਲਾਦ ਦੀ ਸ਼ਮਸ਼ੀਰ ਦੇ ਸਾਹਵੇਂ ਤੁਹਾਨੂੰ
ਸਿਦਕ ਸਿਖਾ ਚੱਲੇ ਮੁਰਸ਼ਦ ਦੇ ਨਾਮ ਦਾ।
ਅਸੀਂ ਦਰਵੇਸ਼ ਚੱਲੇ ਦੇਸ਼ ਬੇਗਾਨਿਆਂ
ਸ਼ਾਹ ਸਵਾਰੋ
ਪੰਜ ਦਰਿਆਵਾਂ ਦੀ ਵਾਗ ਸੰਭਾਲਣੀ