ਉਸਨੇ ਛੋਹਿਆ ਤਾਂ

ਸਰਦ ਸ਼ਬਦਾਂ ਵਿੱਚ

ਇੱਕ ਵਾਰ ਫਿਰ ਕੰਬਣੀ ਛਿੜੀ

ਲਰਜ਼ ਉੱਠੀਆਂ

ਫੇਰ ਜਿਸਮ ਦੀਆਂ ਸਾਰੀਆਂ ਤਰਬਾਂ

 

ਅਜੀਬ ਜਿਹਾ ਸੰਗੀਤ ਸੀ

ਜੋ ਧੁਰ ਅੰਦਰ ਤੱਕ ਗੂੰਜ ਪਿਆ

ਅਜਬ ਜਿਹੀ ਮਹਿਕ ਸੀ

ਜੋ ਗਹਿਰੀ ਮਿੱਟੀ ’ਚ ਭਰ ਉੱਠੀ

 

ਉਸਨੇ ਛੋਹਿਆ

ਤਾਂ ਹੋਠਾਂ ’ਚ

ਮੁੱਦਤ ਤੋਂ ਮਰ ਚੁੱਕੀ

ਪਿਆਸ ਜਾਗ ਪਈ

ਤੜਪ ਉੱਠੇ ਅੰਦਰ

ਫੇਰ ਕਿੰਨੀਆਂ ਸਿਮਰਤੀਆਂ ਦੇ ਵਾਵਰੋਲੇ

ਰੁੱਤਾਂ ਦੇ ਰੰਗ

ਇੱਕ ਵਾਰ ਫੇਰ ਸ਼ੋਖ਼ ਹੋ ਗਏ

ਉਸਨੇ ਛੋਹਿਆ ਮੈਨੂੰ

 

ਮਨ ਦੀ ਧਰਤੀ

ਇੱਕ ਵਾਰ ਫੇਰ ਕੰਬ ਉੱਠੀ

ਤਨ ਦਾ ਜੰਗਲ

ਇੱਕ ਵਾਰ ਫੇਰ ਜਾਗ ਪਿਆ

ਉਸਨੇ ਛੋਹਿਆ ਮੈਨੂੰ

📝 ਸੋਧ ਲਈ ਭੇਜੋ