ਨਦੀ ਇਸ ਤਰਾਂ ਤੜਪੀ

ਸਾਗਰ ਦੀਆਂ ਬਾਹਾਂ ’ਚ

ਲੱਗਦਾ ਸੀ

ਕਿ ਤੋੜ ਦਏਗੀ ਹੱਦਬੰਦੀਆਂ

ਜੋ ਦੁਨੀਆਂ ਨੇ ਉਸ ਲਈ ਸਿਰਜੀਆਂ

ਬੰਧਨ ਸਾਰੇ

ਜਿਹੜੇ ਸੰਸਕਾਰਾਂ ਨੇ

ਸਦੀਆਂ ਤੋਂ ਵਲੇ ਸਨ

ਦੁਆਲੇ ਉਸਦੇ

 

ਕਿਸੇ ਨਦੀ ਦਾ ਇਸ ਤਰ੍ਹਾਂ ਤੜਪਣਾ

ਉਹ ਪਹਿਲੀ ਵਾਰ ਦੇਖ ਰਿਹਾ ਸੀ

ਦੂਰੋਂ ਜਿਹੜੀ ਨਦੀ

ਭਰੀ ਛਲਕਦੀ ਦਿਸਦੀ ਸੀ

ਉਹ ਕਿਨਾਰਿਆਂ ਤੱਕ

ਰੇਤ ਨਾਲ ਭਰੀ ਪਈ ਸੀ

ਪਰ ਰੇਤ ਸੀ

ਕਿ ਪਾਣੀਆਂ ਤੋਂ ਵੀ ਸ਼ਕਤੀਵਰ

 

ਨੀਰ ਨਹੀਂ ਸੀ

ਹੋਠਾਂ ’ਚ ਉਸਦੇ

ਉੱਥੇ ਤਾਂ ਯੁਗਾਂ ਦੀ ਪਿਆਸ ਸੀ

ਜਿਹੜੀ ਉਸਦੀਆਂ ਬਾਹਵਾਂ ’ਚ

ਇਸ ਤਰ੍ਹਾਂ ਤੜਪੀ

ਕਿ ਲੱਗਿਆ

ਤੋੜ ਦਏਗੀ

ਅਨੰਤ ਸਦੀਆਂ ਦੇ ਬੰਧਨ...

📝 ਸੋਧ ਲਈ ਭੇਜੋ