ਮਿੱਟੀ ਹੈ ਨਿਰੀ
ਜੇ ਬੰਦੇ ਦੇ
ਅੰਦਰ ਨਹੀਂ ਹੈ
ਪਿਆਸ
ਜੜ੍ਹ ਨੇ ਕਦਮ
ਜਿਹਨਾਂ ਨੂੰ
ਭਟਕਣ ਦਾ ਵਰ ਨਹੀਂ
ਪੱਥਰ ਨੇ
ਉਹ ਨੈਣ
ਜਿਹਨਾਂ ’ਚ
ਕੋਈ ਸੁਪਨਾ ਨਹੀਂ
ਮੁਰਦਾ ਹੈ ਦਿਲ
ਜਿਸ ਵਿੱਚ ਤੜਫ਼ ਨਹੀਂ
ਯਖ਼ ਹੈ ਜਿਸਮ
ਜਿਸ ਵਿੱਚ
ਕਿਸੇ ਨੂੰ ਮਿਲਣ ਦੀ
ਕੰਬਣੀ ਨਹੀਂ
ਸੂਰਜ ਚੜ੍ਹਦਾ
ਛਿਪ ਜਾਂਦਾ
ਦਿਨ ਉਗਦਾ
ਰਾਤ ਪੈਂਦੀ
ਪੀੜ੍ਹੀਆਂ ਨਸਲਾਂ
ਜੰਮਦੀਆਂ
ਮਰ ਜਾਂਦੀਆਂ....
ਪਰ
ਸਦਾ ਜਿਊਂਦੀ ਰਹਿੰਦੀ
ਬੰਦੇ ਦੇ ਧੁਰ ਅੰਦਰ
ਪਿਆਸ