ਮੈਂ ਜਦੋਂ ਵੀ ਭਟਕਿਆ
ਸਦਾ
ਪਰਛਾਵਿਆਂ ਪਿੱਛੇ ਭਟਕਿਆ
ਮੇਰੀ ਪਿਆਸ ਨੂੰ
ਜਦ ਵੀ ਛਲਿਆ
ਤਾਂ ਸਦਾ ਰੇਤ ਨੇ ਛਲਿਆ...
ਮੇਰੀ ਪਿਆਸ ਦਾ
ਜਨੂੰਨ ਸੀ
ਕਿ ਮੈਥੋਂ
ਰੇਤ ਤੇ ਪਾਣੀ ਵਿੱਚ
ਫ਼ਰਕ ਨਾ ਕਰ ਹੋਇਆ
ਮੇਰੀ ਤੇਹ ਦੀ ਸਿਖ਼ਰ ਸੀ
ਕਿ ਮੈਂ
ਪਰਛਾਵੇਂ ਅਤੇ ਅਸਲੀਅਤ ਦੀ
ਪਹਿਚਾਣ ਨਾ ਕਰ ਸਕਿਆ
ਮੈਂ
ਹਰ ਚਸ਼ਮੇ ਪਿੱਛੇ
ਕਿਸੇ ਪਾਗਲ ਮਿਰਗ ਵਾਂਗੂੰ
ਦੌੜਿਆ
ਪਾਣੀ ਕੋਲ ਪਹੁੰਚਦਾ
ਤਾਂ ਉਹ
ਰੇਤ ਬਣ ਜਾਂਦਾ
ਦਰਅਸਲ
ਪਾਣੀ ਪਿੱਛੇ ਨਹੀਂ
ਮੈਂ ਆਪਣੀ ਹੀ
ਪਿਆਸ ਪਿੱਛੇ ਦੌੜ ਰਿਹਾ ਸਾਂ
ਮੇਰਾ ਜਨੂੰਨ
ਮੇਰੀ ਆਪਣੀ ਪਿਆਸ ਦੀ ਹੀ
ਪਰਿਕਰਮਾ ਕਰਦਾ ਸੀ
ਤੇ ਮੇਰੀ ਪਿਆਸ ਦਾ
ਜਨੂੰਨ ਸੀ
ਕਿ ਮੈਥੋਂ
ਰੇਤ ਤੇ ਪਾਣੀ ਵਿੱਚ
ਫ਼ਰਕ ਨਾ ਕਰ ਹੋਇਆ।