ਪਿੱਛੇ ਰਹਿ ਜਾਏ ਕਰਮਾਂ ਮਾਰੀ

ਪਿੱਛੇ ਰਹਿ ਜਾਏ ਕਰਮਾਂ ਮਾਰੀ ਭੁੱਖ ਤੋਂ ਅੱਗੇ ਲੰਘੋ

ਚਾਵਾਂ ਦਾ ਕੋਈ ਸ਼ਹਿਰ ਵਸਾਉ ਦੁਖ ਤੋਂ ਅੱਗੇ ਲੰਘੋ

ਖ਼ੁਦਦਾਰੀ ਨਾਲ ਜੀਵਨ ਦਾ ਵੱਲ ਸਿੱਖੋ ਦੁਨੀਆਂ ਉੱਤੇ,

ਪੈਰੀਂ ਪੈਂਖੜ ਪਾਏ ਜੋ ਉਸ ਸੁੱਖ ਤੋਂ ਅੱਗੇ ਲੰਘੋ

ਸੈ ਵਰ੍ਹਿਆਂ ਦੇ ਬਾਅਦ ਵੀ ਅੱਜ ਖ਼ਾਲਮ-ਖ਼ਾਲੀ ਝੋਲੀ,

ਸਮੇਂ ਦੇ ਬਾਂਝਪੁਣੇ ਦੀ ਸੱਖਣੀ ਕੁੱਖ ਤੋਂ ਅੱਗੇ ਲੰਘੋ

ਹੰਝੂਆਂ ਦਾ ਦੇ ਦੇ ਕੇ ਪਾਣੀ ਪਾਲਿਆ ਰੁੱਖ ਜਿਹੜਾ,

ਠੰਢੀ ਛਾਂ ਨਾ ਦੇ ਤਾਂ ਫਿਰ ਉਸ ਰੁੱਖ ਤੋਂ ਅੱਗੇ ਲੰਘੋ

ਜਿੱਥੇ ਹਾਸੇ ਕਰਨ ਸਵਾਗਤ ਓਸ ਨਗਰ ਜਾ ਵੱਸੋ,

'ਰਾਹਤ ਜੀ' ਇਸ ਨਫ਼ਰਤ ਦੀ ਦੁਖਦੁਖ ਤੋਂ ਅੱਗੇ ਲੰਘੋ

📝 ਸੋਧ ਲਈ ਭੇਜੋ