ਪਿਘਲੇ ਹੋਏ ਪਲ

ਉਮਰ ਦੇ ਔੜ ਮਾਰੇ ਦਿਨਾਂ ਵਿੱਚ 

ਸਾਹਾਂ ‘ਚੋਂ ਲੰਘਦੇ ਸਾਰੇ ਦੇ ਸਾਰੇ ਪਲ 

ਨੰਗੇ ਪੈਰਾਂ ‘ਚ ਚੁੱਭਦੀਆਂ ਕੰਕਰਾਂ 

ਫਰਸ਼ ‘ਤੇ ਖਿੰਡੀਆਂ ਕੀਚਰਾਂ 

ਜਿਹੇ ਲਗਦੇ ਨੇ

ਜਿਨ੍ਹਾਂ ਨੂੰ ਬਰਦਾਸ਼ਤ ਕਰਦਿਆਂ

ਅਸੀਂ ਭੁੱਲ ਜਾਦੇ ਹਾਂ

ਸਾਵੇ ਘਾਹ ‘ਤੇ ਤੁਰਨ ਦਾ 

ਸੁਆਦ ਕੀ ਹੁੰਦਾ ਹੈ

ਫੁੱਲਾਂ ਦੀ ਵਾਦੀ ‘ਚੋਂ ਲੰਘਣ ਦਾ

ਅਹਿਸਾਸ ਕੀ ਹੁੰਦਾ ਹੈ

ਦਿਸਹੱਦੇ ‘ਤੇ ਪਹੁ-ਫੁਟਾਲੇ ਦਾ ਸੰਧੂਰ

ਕਿਵੇਂ ਕਿਰਦਾ ਹੈ

ਅੰਬਰ ‘ਤੇ ਸੁਰਮਈ ਸ਼ਾਮ ਦੇ ਖੰਭ 

ਕਿਵੇਂ ਫੈਲਦੇ ਨੇ

ਫਿਰ ਕਦੇ ਉਹ ਸਮਾਂ ਵੀ ਆਉਂਦਾ ਹੈ 

ਕੰਕਰਾਂ ਜਿਹੇ ਸਾਰੇ ਦੇ ਸਾਰੇ ਪਲ 

ਅਚਾਨਕ ਪਿਘਲ ਕੇ ਵਹਿ ਤੁਰਦੇ ਨੇ 

ਪੱਥਰਾਂ ‘ਚ ਕਲੋਲ ਕਰਦੀ

ਪਹਾੜੀ ਨਦੀ ਜਿਹੇ ਲੱਗਦੇ ਨੇ

ਅਸੀਂ ਇਨ੍ਹਾਂ ਦਾ ਬੁੱਕ ਭਰ ਕੇ

ਪੀ ਸਕਦੇ ਹਾਂ

ਵਰ੍ਹਿਆਂ ਦੀ ਤਲਖ ਪਿਆਸ

ਔੜ ਮਾਰੇ ਦਿਨਾਂ ਦਾ ਅਹਿਸਾਸ

ਨੇੜੇ ਤੇੜੇ ਨਹੀਂ ਰਹਿੰਦੇ

ਛੱਲਾਂ ਦੀ ਠੰਢੀ ਸੁਬਕ ਛੋਹ

ਜਿਸਮ ਵਿਚ ਝਰਨਾਟ ਦਾ 

ਸੰਗੀਤ ਭਰਦੀ ਹੈ

ਪਿਘਲੇ ਹੋਏ ਪਲਾਂ ਦੀ ਨਦੀ ਦੇ 

ਇਸ ਬੰਨੇ ਅਸੀਂ ਹੁੰਦੇ ਹਾਂ 

ਪਿਘਲੇ ਹੋਏ ਪਲਾਂ ਦੀ ਨਦੀ ਦੇ 

ਉਸ ਪਾਰ ਫੁੱਲਾਂ ਦੀ ਵਾਦੀ ਹੁੰਦੀ ਹੈ 

ਉਸ ਘੜੀ ਇਹ ਨਦੀ 

ਪਿਘਲੇ ਹੋਏ ਪਲਾਂ ਦਾ

ਪਾਣੀ ਵੀ ਹੁੰਦੀ ਹੈ

ਅਤੇ ਪੁਲ ਵੀ

ਜੋ ਸਾਡੇ ਜਿਸਮ ਅਤੇ ਰੂਹ ਦੇ

ਆਰ ਪਾਰ ਹੁੰਦੇ ਨੇ।

📝 ਸੋਧ ਲਈ ਭੇਜੋ