ਪਿੰਡਾਂ ਸ਼ਹਿਰਾਂ ਨਗਰਾਂ ਦੇ ਵਿਚ ਨਜ਼ਰੀਂ ਕਿਤੇ ਨਾ ਆਏ ਬੰਦੇ
ਮੰਦਿਰ ਮਸਜਿਦ ਘੁਮ ਘੁਮ ਡਿੱਠੇ ਕਿਹੜੇ ਮੁਲਕ ਸਿਧਾਏ ਬੰਦੇ!
ਪੰਖੇਰੂ ਸਭ ਬੈਠ ਬਨੇਰੇ, ਇਕ ਦੂਜੇ ਨੂੰ ਮੁੜ ਮੁੜ ਪੁੱਛਣ
ਹਸਦੇ ਮੌਜ ਮਨਾਉਂਦੇ ਸਾਰੇ ਕਿਸ ਆਫ਼ਤ ਨੇ ਢਾਏ ਬੰਦੇ।
ਸਾਡਾ ਚੋਗਾ ਪਾਣੀ ਲਗਦੈ ਹੁਣ ਬੰਦੇ ਦੇ ਵਸ ਦੀ ਗਲ ਨੲ੍ਹੀਂ
ਆਪਣੇ ਪੇਟ ਭਰਨ ਦੀ ਖ਼ਾਤਰ ਥਾਂ ਥਾਂ ਲੰਗਰ ਲਾਏ ਬੰਦੇ।
ਹਰਿਆਵਲ ਰੱਤੀ ਭਰ ਨਾ ਛੱਡੀ ਸਭ ਪਥਰੀਲਾ ਕਰ ਗਏ ਨੇ
ਜ਼ਹਿਰੀਲਾ ਕੁਦਰਤ ਨੂੰ ਕਰਕੇ ਖੌਰੇ ਕਿੱਧਰ ਧਾਏ ਬੰਦੇ?
ਚੰਚਲ ਪੰਛੀ, ਸ਼ੋਖ ਹਵਾਵਾਂ ਤੇ ਸ਼ੀਤਲ ਨਿਰਮਲ ਪਾਣੀ ਹੈ
ਕੁਦਰਤ ਨੇ ਸਭ ਧੰਦੇ ਠਪ ਕੇ ਘਰ ਮੰਜੇ ਤੇ ਪਾਏ ਬੰਦੇ।
ਸਿਰ ਖੁਰਕਣ ਦਾ ਟੈਮ ਨਹੀਂ ਹੈਂ ਦਸ ਰੋਟੀ ਟੁਕ ਕਦ ਖਾਵਾਂ ਮੈਂ?
ਜੋ ਕਹਿੰਦੇ ਸੀ ਇਹ, ਜੀ ਭਰ ਕੇ, ਸਿਰ ਖੁਰਕਣ ਤੇ ਲਾਏ ਬੰਦੇ।
ਸਾਧਨ ਸਾਰੀ ਉਮਰੇ ਲੱਗ ਕੇ ’ਕੱਠੇ ਕੀਤੇ ਸਨ ਜੋ ‘ਉੱਪਲ’
ਸਾਰੇ ਧਰੇ ਧਰਾਏ ਰਹਿ ਗਏ ਕਿਸ ਕਾਰੀ ਤੇਰੇ ਆਏ ਬੰਦੇ !