ਪਿੰਡੇ ਤੇ ਪਾ ਦੇ ਲਾਸ

ਪਿੰਡੇ ਤੇ ਪਾ ਦੇ ਲਾਸ

ਵੇ ਮਾਹੀਆ ਹਿਕੜੀ 'ਚ ਪਾ ਦੇ ਲਾਸ,

ਬੁੱਲ੍ਹੀਆਂ ਨੂੰ ਲਾ ਦੇ ਪਿਆਸ

ਵੇ ਮਾਹੀਆ, ਜ਼ਿੰਦੜੀ ਨੂੰ ਲਾ ਦੇ ਪਿਆਸ

ਤੜਪ ਤੜਪ ਮੇਰਾ ਜੋਬਨ ਕਰਦੇ

ਹਉਕੇ ਕਰ ਅੰਗਿਆਰ,

ਇਕ ਵਾਰੀ ਲਾ ਕੇ ਨੈਣ ਵੇ ਮਾਹੀਆ 

ਮਨੋਂ ਦੇ ਸਾਨੂੰ ਵਿਸਾਰ,

ਤੁਰ ਜਾ ਵੇ ਪਰਦੇਸ ਨੂੰ ਚੰਨਿਆਂ, 

ਇਕ ਵਾਰੀ ਬਹਿ ਕੇ ਪਾਸ।

ਦੇਣਾ ਈਂ ਦੇ ਦੇ ਫ਼ਿਰਾਕ ਦਾ ਜੀਵਨ 

ਲੂੰ ਲੂੰ 'ਚ ਭਰ ਦੇ ਭਾਲ,

ਯਾਦਾਂ ਭਰੀ ਸਿਆਲ ਵੇ ਮਾਹੀਆ 

ਪੈਂਡਿਆਂ ਭਰੀ ਹੁਨਾਲ,

ਇਕ ਵਾਰੀ ਮੰਨ ਕੇ, ਭੁਲ ਜਾ ਵੇ ਚੰਨਿਆਂ 

ਮੁੜ ਮੰਨਣੀ ਅਰਦਾਸ

ਮੰਨਿਆਂ ਕਿ ਤੇਰਾ ਰੂਪ ਛਲਾਵਾ 

ਪਿਆਰ ਵੀ ਤੇਰਾ ਕੂੜ,

ਦੇ ਸਾਡੀ ਤਕਦੀਰ ਨੂੰ ਮਾਹੀਆ 

ਕਦਮਾਂ ਦੀ ਕਿਣਕਾ ਧੂੜ,

ਬਿਰਹੋਂ ਦੀ ਝੋਲੀ ਕੁਲ ਚੰਨ-ਤਾਰੇ 

ਲਿਸ਼ਕਾਂ ਦੀ ਸਾਰੀ ਰਾਸ

ਪਿੰਡੇ ਤੇ ਪਾ ਦੇ ਲਾਸ

ਵੇ ਮਾਹੀਆ ਹਿਕੜੀ 'ਚ ਪਾ ਦੇ ਲਾਸ

📝 ਸੋਧ ਲਈ ਭੇਜੋ