ਪਿੰਡੋਂ ਮਾਂ ਆਈ ਹੈ

ਪਿੰਡੋਂ ਮਾਂ ਆਈ ਹੈ

ਮੇਰੇ ਸ਼ਹਿਰੀ ਬੱਚੇ ਸੋਚਦੇ ਨੇ

ਕੀ ਸੁਗਾਤ ਲਿਆਈ ਹੈ

ਬੱਚੇ ਮਾਂ  ਦੇ ਆਪਣੇ ਹੱਥ ਨਾਲ਼  ਕੱਢੇ

ਮੋਰਨੀਆਂ ਦੀ ਕਢਾਈ ਵਾਲੇ ਝੋਲ਼ੇ ਵਿੱਚੋਂ

ਚਾਕਲੇਟ , ਬਿਸ੍ਕੁਟ , ਟਾਫੀਆਂ ਭਾਲ਼ਦੇ ਨੇ

ਪਰ ਮੈਨੂੰ  ਤਾਂ ਮਾਂ ਦਾ ਹੱਥ ਨਾਲ ਕੱਢਿਆ

ਮੋਰਨੀਆਂ ਦੀ ਕਢਾਈ ਵਾਲ਼ਾ ਝੋਲ਼ਾ ਹੀ

ਇੱਕ ਅਧਭੁਤ , ਦੁਰਲੱਭ ਸੁਗਾਤ ਲਗਦਾ ਹੈ .

ਪਿੰਡੋਂ ਮਾਂ ਆਈ ਹੈ

ਬੱਚੇ ਸੋਚਦੇ ਨੇ ਕੀ ਸੁਗਾਤ ਲਿਆਈ ਹੈ

ਕੋਈ ਫੋਨ , ਆਈ ਪੋਡ , ਕੰਪੀਊਟਰੀ ਪੇਡ 

ਮੇਰੀ ਮਾਂ ਨੂੰ ਤਾਂ ਇਹਨਾ ਦਾ ਕੁਝ ਵੀ ਪਤਾ ਨਹੀ

ਪਰ ਮੈਂ ਸੋਚਦਾਂ

ਮਾਂ ਵੱਲੋਂ ਸ਼ਾਮ ਨੂੰ ਬੱਚਿਆਂ ਨੂੰ ਸੁਣਾਈ

'ਚਿੜੀ ਅਤੇ ਕਾਂ' ਦੀ ਬਾਤ

ਅਦੁੱਤੀ ਸੁਗਾਤ ਹੈ । 

ਅੱਜ ਮਾਂ ਪਿੰਡ ਚੱਲੀ ਹੈ

ਮੈਂ ਉਸਨੂੰ ਤੋਰਨ ਗਿਆ ਉਸਦੇ ਪੇਰੀਂ ਹੱਥ ਲਾਉਂਦਾ ਹਾਂ

ਉਹ ਮੈਨੂੰ  ਅਤੇ ਬੱਚਿਆਂ ਨੂੰ ਅਸੀਸ ਦਿੰਦੀ ਹੈ

ਮੇਰੀ ਬੇਟੀ ਮੈਨੂੰ  ਪੁੱਛਦੀ ਹੈ ਪਾਪਾ ਤੁਸੀਂ ਬਲਵਾਨ ਹੋ ਜਵਾਨ ਹੋ

ਫਿਰ ਵੀ ਬੁੱਢੀ ਦਾਦੀ ਅੱਗੇ ਝੁਕ ਕੇ ਪੈਰੀਂ  ਹੱਥ ਕਿਉਂ  ਲਾਉਂਦੇ ਹੋ ?

ਮੈਂ  ਕਹਿਨਾਂ ਅਸੀਸ ਲੈਣ ਲਈ

ਉਹ  ਮੈਨੂੰ ਅਸੀਸ ਦੇ ਅਰਥ ਪੁੱਛਦੀ ਹੈ

ਮੈਂ ਉਸਨੂੰ  ਅਸੀਸ ਦੇ ਅਰਥ ਦੱਸਦਾ ਹਾਂ

ਉਹ ਜ਼ਿੱਦ ਕਰਦੀ ਹੈ ਪਾਪਾ ਤੁਸੀਂ ਮੈਨੂੰ ਵੀ ਅਸੀਸ ਦੇਵੋ

ਮੈਂ ਉਸਨੂੰ ਆਪਣੇ ਧੁਰ ਅੰਦਰੋਂ ਅਸੀਸ ਦਿੰਦਾ ਹਾਂ

"ਤੂੰ  ਵੀ ਮਾਂ ਬੋਲੀ ਪੱਖੋਂ

ਮੇਰੀ ਮਾਂ ਜਿਨੀ ਅਮੀਰ ਬਣੇ

ਤੇ ਅੱਜ ਜਦੋਂ ਸਾਰਾ ਵਿਸ਼ਵ ਹੀ ਇਕ ਪਿੰਡ ਬਣ ਚੁੱਕਾ ਹੈ

ਉਸ ਵਿੱਚ ਆਪਣੇ ਵਿਰਸੇ ਤੇ ਮਾਤ ਭਾਸ਼ਾ ਨੂੰ ਮਹਿਫੂਜ਼ ਰੱਖੇਂ

ਤੇ ਇਹੀ ਅਸੀਸ

ਤੂੰ ਆਪਣੇ ਬੱਚਿਆਂ ਨੂੰ ਦੇਣ ਜੋਗੀ ਹੋਵੇਂ "....

📝 ਸੋਧ ਲਈ ਭੇਜੋ