ਪਿਛਲਾ ਲਹਿਣਾਂ

ਗੋਡੇ ਗੋਡੇ ਘੱਟੇ ਵਿਚ ਦੀ,

ਪੋਲੇ ਪੋਲੇ ਪੈਰੀਂ ਤੁਰਦੀ,

ਮੇਰੇ ਪਿੰਡ ਦੇ ਚਾਰ-ਚੁਫੇਰੇ,

ਸੰਝ ਉਤਰੀ ਹੈ

ਦਿਨ ਦੇ ਥੱਕੇ ਟੁੱਟੇ ਵਾਗੀ,

(ਬੁੱਥਿਆਂ ਦੇ ਨਾਲ ਪੈਰ ਜਿਨ੍ਹਾਂ ਦੇ ਪਾਟੇ ਹੋਏ)

ਘਰ ਆਏ ਨੇ

ਆਪਣੇ ਵਿਹੜੇ ਵਿਚ ਖਲੋਤਾ,

ਇਸ ਜੀਵਨ ਦੀ ਲੀਲਾ ਨੂੰ ਮੈਂ ਵੇਖ ਰਿਹਾ ਸਾਂ

ਏਨੇ ਚਿਰ ਨੂੰ ਬੱਚੀ ਮੇਰੀ,

ਹੱਥ ਵਿਚ ਨਿੱਕਾ ਬਸਤਾ ਲੈ ਕੇ,

ਘਰ ਨੂੰ ਆਈ

ਪਰ ਅੱਜ ਗੱਲ ਅਜੀਬ ਜਹੀ ਸੀ

ਅੱਜ ਪਿੰਕੀ ਦਾ ਸੂਹਾ ਚਿਹਰਾ,

ਲੱਥਾ ਹੋਇਆ

ਕੋਲ ਬੁਲਾ ਕੇ ਪੁੱਛਣ ਉਤੇ,

ਨਿੱਕੇ ਨਿੱਕੇ ਹਉਕੇ ਭਰਦੀ,

ਮੇਰੇ ਕੋਲੋਂ ਡਰਦੀ ਡਰਦੀ,

ਦੱਸਣ ਲੱਗੀ,

ਅੱਜ ਪਿਤਾ ਜੀ ਵਰਦੀ ਖ਼ਾਤਰ

ਮੈਨੂੰ ਚਾਰ ਚੁਪੇੜਾਂ ਪਈਆਂ

ਵੱਡੇ ਭੈਣ ਜੀ ਆਖਣ ਲੱਗੇ,

"ਸੁਣਿਆਂ ਹੈ ਕਿ ਬਾਪੂ ਤੇਰਾ,

ਵਾਹਵਾ ਸੁਹਣੀ ਵਾਹੀ ਕਰਦਾ

ਹਾੜੀ ਸਾਉਣੀ,

ਨਾਲ ਰੁਪਈਆਂ ਜੇਬਾਂ ਭਰਦਾ

ਫੇਰ ਭਲਾ ਉਹ ਇਕ ਵਰਦੀ ਵੀ,

ਤੈਨੂੰ ਲੈ ਕੇ ਦੇ ਨਹੀਂ ਸਕਦਾ ।"

ਸੁਣ ਕੇ ਬੱਚੀ ਦੀ ਇਸ ਗੱਲ ਨੂੰ,

ਮੇਰੇ ਪਿੰਡੇ 'ਚੋਂ ਚੰਗਿਆੜੇ ਨਿਕਲਣ ਲੱਗੇ

ਪਰ ਫਿਰ ਡੂੰਘੀ ਸੋਚ ਦੁੜਾ ਕੇ,

ਬੱਚੀ ਨੂੰ ਗਲਵੱਕੜੀ ਪਾ ਕੇ,

ਉਸ ਦੇ ਕੋਸੇ ਹੰਝੂ ਪੂੰਝੇ,

ਮਿੱਠਾ ਜਿਹਾ ਦਿਲਾਸਾ ਦਿਤਾ :

ਪਰਸੋਂ ਵਾਲਾ ਲਾਰਾ ਲਾਇਆ

ਕੋਈ ਨਹੀਂ ਪੁੱਤਰ ਕੱਲ੍ਹ ਸਵੇਰੇ

ਗੋਪੀ ਸ਼ਾਹ ਤੋਂ ਝੋਨੇ ਦੇ ਮੈਂ ਪੈਸੇ ਲੈ ਕੇ,

ਤੇਰੀ ਵਰਦੀ ਲੈ ਆਵਾਂਗਾ ।"

ਪਰ ਅੰਦਰੋਂ ਮੇਰਾ ਦਿਲ ਕੰਬੇ,

ਸੋਚ ਰਿਹਾ ਸਾਂ ਝੂਠ ਬੋਲ ਕੇ,

ਇੰਜ ਕਿੰਨਾ ਚਿਰ ਬੱਚੀ ਨੂੰ,

ਮੈਂ ਟਾਲ ਸਕਾਂਗਾ

ਜਿਸ ਝੋਨੇ ਦੇ ਪਿੰਕੀ ਨੂੰ ਮੈਂ,

ਰੋਜ਼ ਦਿਹਾੜੀ ਲਾਰੇ ਲਾਉਨਾਂ,

ਉਸ ਝੋਨੇ ਦੀ ਵੱਟਤ ਸਾਰੀ,

ਗੋਪੀ ਸ਼ਾਹ ਨੇ, ਚੁਪ ਕੀਤਿਆਂ,

ਪਿਛਲੇ ਲਹਿਣੇ ਦੇਣੇ ਦੇ ਵਿਚ, ਕੱਟ ਹੈ ਲੈਣੀ

ਗੋਡੇ ਗੋਡੇ ਘੱਟੇ ਵਿਚ ਦੀ,

ਪੋਲੇ ਪੋਲੇ ਪੈਰੀਂ ਤੁਰਦੀ,

ਮੇਰੇ ਪਿੰਡ ਦੇ ਚਾਰ-ਚੁਫੇਰੇ,

ਸੰਝ ਉਤਰੀ ਹੈ

📝 ਸੋਧ ਲਈ ਭੇਜੋ