ਸ਼ੂਕਦੇ ਠੱਕੇ ਦੇ ਤੇਜ਼ ਬੁੱਲਿਆਂ ਅੱਗੇ
ਨੰਗੇ ਧੱੜ ਹੀ ਲੱੜ ਰਿਹਾ ਹੈ
ਨਿਹੱਥਾ ਬ੍ਰਿਧ ਬ੍ਰਿਖ …
ਉਹ ਆਪਣੀ
ਗੁੱਲੀ ਡੰਡਾ ਖੇਡਣ ਦੀ ਉਮਰ ਬਾਰੇ ਕੁੱਝ ਨਹੀਂ ਜਾਣਦਾ
ਜਾਣਦਾ ਹੈ ਤਾਂ ਬੱਸ ਏਨਾ
ਕਿ ਟਾਹਲੀ ਦੀ ਲੱਕੜ ਤੇ ਰੰਦਾ ਚਲਾਉਂਦਿਆਂ
ਉਹਦੇ ਦਿਮਾਗ ਵਿੱਚ
ਸ਼ਾਮ ਤੱਕ ਚਾਰ ਕਲੱਬ ਕੁਰਸੀਆਂ
ਤੇ ਗੇਂਦ-ਬੱਲੇ ਵਾਲਾ ਪਲੰਘ ਬਣਾਉਣ ਦਾ ਫਿਕਰ ਹੁੰਦਾ
ਤੇ ਉਦੋਂ ਰੰਦਾ ਏਨਾ ਤੇਜ਼ ਚਲਦਾ
ਕਿ ਸਿਰਫ ਕੱਛੇ ਬਨੈਣ ਵਿਚ ਵੀ
ਪੋਹ ਦੇ ਠੱਕੇ ‘ਚ ਪਸੀਨਾ ਆਉਂਦਾ
ਉਹਨੂੰ ਪੱੜ੍ਹਨ ਦੀ ਉਮਰ ਦਾ ਉੱਕਾ ਈ ਚੇਤਾ ਨਹੀਂ
ਚੇਤੇ ਹੈ ਤਾਂ ਬੱਸ ਏਨਾ
ਕਿ ਅੱਠਵੀਂ ‘ਚ ਪੜ੍ਹਦੇ ਵੱਡੇ ਭਰਾ ਦੇ
ਅੱਧੋਰਾਣੇ ਲੀੜੇ ਪਾ ਕੇ
ਕਦੇ ਕਦਾਈਂ ਸ਼ੁਕੀਨੀ ਕਰਕੇ
ਫਿਲਮ ਦੇਖਦਾ
ਜਾਂ ਰੌਸ਼ਨੀ ਦੇ ਮੇਲੇ ਜਾਂਦਾ
ਤੇ ਅੱਧੀ ਅੱਧੀ ਰਾਤ ਤੱਕ
ਮੱੜ੍ਹੀਆਂ ਵਾਲੇ ਬੋਹੜ ਹੇਠਾਂ ਬੈਠਾ ਸੋਚਦਾ
“ ਕਿਤੇ ਉਹ ਏਸ ਟੱਬਰ ‘ਚ
ਹੱਲਿਆਂ ਵੇਲੇ ਤਾਂ ਨੀ ਆ ਰਲ਼ਿਆ ?
ਲੱਕ ਤੋੜਵੀਂ ਮਿਹਨਤ ਦੇ ਬਾਦ ਵੀ
ਇਨ੍ਹਾ ਦੇ ਟੁਕੜਿਆਂ ਤੇ ਤਾਂ ਨਹੀਂ ਪਲਿਆ ?”
ਇੰਜ ਸੋਚਦਾ ਉਹ ਭੁੱਬੀਂ ਰੋਂਦਾ
ਤੇ ‘ਸੱਚੇ ਪਾਸ਼ਾ’ ਨੂੰ ਬੁਰਾ ਭਲਾ ਆਖਦਾ
ਤੇ ਆਪਣੇ ਗੁਅਚੇ ਮਾਂ-ਬਾਪ ਦੇ
ਫ਼ਰਜ਼ੀ ਨੈਣ-ਨਕਸ਼ ਕਿਆਸਦਾ
ਜਿਉਂ ਜਿਉਂ ਉਹ ਨਕਸ਼
ਮਨ ‘ਚ ਉੱਘੜਦੇ ਮਿਟਦੇ
ਤਿਉਂ ਤਿਉਂ ਉਹਦਾ ਰੰਦਾ ਜ਼ੋਰ ਦੀ ਚਲਦਾ
ਰੰਦਾ ਉਦੋਂ ਟਾਹਲੀ ਤੇ ਨਹੀਂ
ਉਹਦੇ ਜਿਸਮ ਤੇ ਚਲਦਾ
ਤੇ ਅਤੀਤ ਦਾ ਬੂਰਾ
ਪਰਤ ਦਰ ਪਰਤ ਛਿਲਦਾ
ਕਦੇ ਕਦਾਈਂ
ਬਾਪੂ ਮੈਨੂੰ ਦੱਸਦੈ
‘ਮੋਹਣ ਸਿਹੁੰ ਵੀ ਕਦੇ ਜੁਆਨ ਹੁੰਦਾ ਸੀ ਤੇਰੇ ਆਂਗੂੰ’
ਪਰ ਪਿਤਾ ਦੀਆਂ ਕਿਰਨ ਵਿਹੂਣੀਆਂ ਅੱਖਾਂ ‘ਚ
ਮੈਂ ਅਕਸਰ ਪੜ੍ਹਦਾ ਹਾਂ
ਚੀਨ ਦੀ ਲੜਾਈ ਵੇਲੇ ਦੀਆਂ
ਦੁਹੱਟੀ ਦੁਕਾਨ ‘ਚ ਕੁਰਸੀਆਂ ਵਾਂਗ ਚਿਣੀਆਂ
ਇਸ਼ਕ ਮੁਹੱਬਤ ਦੀਆਂ ਅਧੂਰੀਆਂ ਬਾਤਾਂ
ਜਿਸਦੀ ਗੁਲਾਬੀ ਹਵਾ ਨੂੰ ਖਾ ਗਈ
ਫ਼ਰਨੀਚਰ ਤੇ ਹੁੰਦੇ ਸਪਿਰਟ ਪਾਲਿਸ਼ ਦੀ ਦੁਰਗੰਧ
ਜਦੋਂ ਦਾ ਉਹ ਕਬੀਲਦਾਰੀ ‘ਚ ਪਿਆ
ਸ਼ੁਕੀਨੀ ਵਰਗਾ ਕੁਝ ਵੀ ਯਾਦ ਨਹੀਂ
ਯਾਦ ਹੈ ਤਾਂ
ਰਾਤ ਰਾਤ ਭਰ ਸਾਈਕਲ ਤੇ
ਕੰਮ ਲਈ ਊਰੀ ਵਾਂਗ ਘੁੰਮਣਾ
ਬਿਨਾ ਕਿਨਾਰਿਆਂ ਦੇ ਪਾਣੀ ਵਾਂਗ ਵਗਣਾ
ਤੇ ਰੇਤ ਵਿਚ ਖੁਰਨਾ
ਹੁਣ ਜਦ ਵੀ ਉਹ ਅੰਤਾਂ ਦਾ ਉਦਾਸ ਹੁੰਦੈ
ਤਾਂ ਫ਼ਰਕਦੇ ਬੁੱਲਾਂ ਤੇ
ਉਹੀ ਪੁਰਾਣਾ ਗੀਤ ਲਰਜ਼ਦਾ ਹੈ
“ਐ ਦਿਲ ਤੁਝੇ ਕਸਮ ਹੈ
ਤੂ ਹਿਮੰਤ ਨਾ ਹਾਰਨਾ
ਦਿਨ ਜ਼ਿੰਦਗੀ ਕੇ ਜੈਸੇ ਭੀ ਗੁਜ਼ਰੇਂ ਗੁਜ਼ਾਰਨਾ”
ਚਿੱਟੀ ਦਾਹੜੀ ‘ਚ ਹੱਥ ਫੇਰਦਿਆਂ
ਦੂਰ ਕਿਤੇ ਗੁਆਚੀਆਂ ਅੱਖਾਂ 'ਚ
ਅੰਤਾਂ ਦੀ ਥਕਾਵਟ ਹੁੰਦੀ ਹੈ
ਤੇ ਪੁੜਪੁੜੀਆਂ ਦੀਆਂ ਕਸੀਆਂ ਨਾੜਾਂ ‘ਚ ਹੁੰਦੀ ਹੈ
ਆੳਂਦੇ ਵਰ੍ਹਿਆਂ ਦੀ ਅਸੁਰੱਖਿਅਤ ਭਿਆਨਕਤਾ
ਤੇ ਬੀਤੀ ਲੜਾਈ ਦੇ
ਖਾਮੋਸ਼ ਖੰਡਰਾਂ ‘ਚ ਹੁੰਦੀ
ਹਵਾ ਦੀ ਵੀਰਾਨ ਸ਼ਾਂ ਸ਼ਾਂ…
ਠੱਕਾ ਅੱਜ ਵੀ ਉਵੇਂ ਚਲਦਾ ਹੈ
ਤੇ ਉਵੇਂ ਹੀ ਨੰਗੇ ਧੱੜ
ਤੇਜ਼ ਹਵਾ ਦੇ ਬੁੱਲਿਆਂ ਵਿਰੁੱਧ ਲੜਦਾ ਹੈ
ਉਹ…
ਨਿਹੱਥਾ ਬ੍ਰਿਧ ਬ੍ਰਿਖ !