ਪਿਤਾ ਨੌਂ ਭਰਾਵਾਂ ਸਭ ਤੋਂ ਛੋਟਾ

ਅਪਣੇ ਆਪ ਨੂੰ ਪੇਟ-ਘਰੋੜੀ ਦਾ ਆਖ ਦੁਖੀ ਹੋ ਜਾਂਦਾ 

ਬੇਬੇ-ਬਾਪੂ ਦੇ ਥੋੜੇ ਸਮੇਂ ਲਈ

ਮਿਲੇ ਪਿਆਰ ਨੂੰ ਯਾਦ ਕਰ 

ਅੱਖਾਂ ਭਰ ਆਉਂਦਾ

ਉਹ ਬਚਪਨ ਵਿੱਚ

ਪਿੰਡ ਦਾ ਸੱਭ ਤੋਂ ਸ਼ਰਾਰਤੀ ਬਾਲ

ਜਵਾਨੀ ਸਮੇਂ

ਅਨੁਸਾਸ਼ਨ ਵਿੱਚ ਬੱਝਾ ਫ਼ੌਜੀ ਗਭਲੀ ਉਮਰੇ

ਕਿਰਤੀ ਕਿਸਾਨ ਤੇ ਪਰਵਾਸ ਭੋਗਦਾ ਪਰਵਾਸੀ 

ਦਸਾਂ ਨੌਹਾਂ ਦੀ ਕਿਰਤ ਦੇ ਮਹਾਤਮ ਨੂੰ 

ਸਮਝਦਾ ਤੇ ਸਮਝਾਉਂਦਾ

ਹੁਣ ਅਪਣੇ ਆਪ ਨੂੰ

ਪੱਕਿਆਂ ਹੋਇਆ ਫ਼ਲ ਆਖਦਾ ਹੈ

ਮੋਢਿਆਂ ਤੇ ਮੇਲੇ ਛਿੰਝਾਂ ਦਿਖਾਉਣ ਵਾਲੇ ਦੇ 

ਮੋਰ ਸੁੰਗੜ ਗਏ ਨੇ

ਇਤਿਹਾਸ ਮਿਥਿਹਾਸ ਤੋਂ ਜਾਣੂ

ਸਾਰੀ ਸਾਰੀ ਰਾਤ ਬਾਤਾਂ ਸੁਣਾਉਣ ਵਾਲੇ 

ਪਿਤਾ ਦੀ ਜ਼ੁਬਾਨ

ਹਾਂ ਹੂੰ ਕਰਦਿਆਂ ਵੀ ਥਥਲਾਉਂਦੀ ਹੈ । 

ਉਂਗਲ ਫੜ ਤੁਰਨਾ ਸਿਖਾਉਣ ਵਾਲੇ ਦੇ 

ਹੱਥ ਕੰਬਦੇ ਨੇ

ਦਗ-ਦਗ ਕਰਦਾ ਚਿਹਰਾ

ਪੀਲਾ ਭੂਕ ਹੋ ਗਿਆ ਹੈ

ਝੁਰੜੀਆਂ ਪਿੱਛੇ ਛੁੱਪ ਗਿਆ ਹੈ 

ਚਿਹਰੇ ਦਾ ਜਲੋਅ

ਬੀਤੇ ਦੀਆਂ ਬਹੁਤੀਆਂ ਗੱਲਾਂ

ਭੁੱਲ ਗਿਆ ਹੈ ਪਿਤਾ

ਪਰ ਹੁਣ ਵੀ ਪਹਿਲਾਂ ਵਾਂਗ

ਦੁੱਖ-ਸੁੱਖ ਕਰਦਾ ਅੱਖਾਂ ਭਰ ਆਉਂਦਾ ਹੈ

ਨਿੱਕੇ-ਮੋਟੇ ਕੰਮਾਂ ਬਦਲੇ

ਸ਼ਾਬਾਸ਼ ਕਹਿਣਾ ਨਹੀ ਭੁਲਦਾ

ਮੱਥਾ ਟੇਕਣ ਜਾਂਦਾ ਤਾਂ

ਬਚਾ ਲਿਆਉਂਦਾ ਹੈ ਸਾਡੇ ਲਈ

“ਪ੍ਰਸ਼ਾਦ

ਪਿਤਾ ਹੋਣ ਦਾ ਧਰਮ ਨਹੀਂ ਭੁੱਲਿਆ ਹੈ –ਪਿਤਾ।

📝 ਸੋਧ ਲਈ ਭੇਜੋ