ਪਿੱਤਲ ਦਾ ਘੋੜਾ

ਵੱਡੇ ਚੌਰਾਹੇ ਦੇ ਐਨ ਵਿਚਕਾਰ 

ਪਿੱਤਲ ਦਾ ਘੋੜਾ ਸੀ 

ਘੋੜੇ ਦੀ ਪਿੱਠ ਤੇ ਸਵਾਰ 

ਪੁਰਾਣੇ ਵਕਤਾਂ ਦਾ ਹਾਕਮ

ਜਿਸ ਦਾ ਨਾਮ ਨਾ ਮੈਨੂੰ ਪਤਾ ਨਾ ਘੋੜੇ ਨੂੰ

ਚੌਕ 'ਚੋਂ ਲੰਘਿਆ ਕਲ੍ਹ ਅੱਗਾਂ ਦਾ ਜਲੂਸ 

ਮਗਰੇ ਮਗਰ ਉਧਲੀਆਂ ਆਂਦਰਾਂ ਦਾ ਕਾਫ਼ਲਾ 

ਬੰਦੂਕਾਂ ਦੇ ਬਰਛਿਆਂ ਤੇ ਬੱਚਿਆਂ ਦੀ ਸਵਾਰੀ 

ਤੇ ਉਸ ਦੇ ਬਾਦ

ਇਕ ਖ਼ੌਫ਼ਨਾਕ ਖ਼ਾਮੋਸ਼ੀ......

ਪਿੱਤਲ ਦਾ ਘੋੜਾ ਖਾ ਗਿਆ ਹਲੂਣ 

ਦੂਰ ਤਕ ਡੁਲ੍ਹਦੀ ਗਈ ਉਸ ਦੀ ਹਿਣਕਾਰ 

ਮਾਰ ਕੇ ਅੱਗ ਦਾ ਫੁਰਕੜਾ

ਪੁੱਟ ਲਏ ਪੱਥਰ 'ਚੋਂ ਚਾਰੇ ਦੇ ਚਾਰੇ ਪੌੜ 

ਹੋ ਗਿਆ ਸੀਖਪੌਲ ਸਿੱਧਾ ਨੇਜ਼ੇ ਵਾਂਗ

ਛੱਡ ਪਰ੍ਹਾਂ ਸੁੱਟਿਆ ਪਿੱਠ ਤੋਂ

ਪੁਰਾਣੇ ਵਕਤਾਂ ਦਾ ਹਾਕਮ

ਪਾਗਲ ਘੋੜਾ

ਸਾਰਾ ਦਿਨ ਸਾਰੀ ਰਾਤ ਸੜਕਾਂ ਤੇ ਦੌੜਦਾ ਰਿਹਾ

ਅੱਗ ਵਾਂਗ ਹਿਣਕਦਾ

ਬੇਲਗਾਮ, ਬੇਸਵਾਰ

ਉਹ ਕੁਝ ਕਹਿਣਾ ਚਾਹੁੰਦਾ ਸੀ

ਪਰ ਘੋੜੇ ਦੀ ਬਾਤ ਸੁਣਦਾ ਹੀ ਕੌਣ ਹੈ !

ਜੋ ਸੜਕਾਂ ਤੇ ਸੁੱਤੇ ਸਨ

ਉਹ ਜਾਗੇ ਨਾ

ਜੋ ਘਰਾਂ 'ਚ ਜਾਗਦੇ ਸਨ

ਉਹ ਬਾਹਰ ਨਾ ਆਏ

ਪਰ ਘੋੜਾ ਪਾਗਲ ਹੈ

ਬਾਰ ਬਾਰ ਬਕਦਾ ਹੈ :

ਨੰਗੀ ਪਿੱਠ ਦੀ ਜੋ ਵੀ ਕੀਮਤ ਹੈ 

ਮੈਂ ਤਾਰ ਦਿੱਤੀ ਹੈ 

ਆਪਣੀ ਪਿੱਠ ਦਾ ਸਵਾਰ ਵੀ 

ਕੀ ਏਥੇ ਕੀਮਤ ਤੇ ਮਿਲਦਾ ਹੈ

ਕੀ ਇਸ ਸ਼ਹਿਰ ਦੇ ਸਾਰੇ ਲੋਕ 

ਅਜੇ ਵੀ ਪਿੱਤਲ ਦੇ ਨੇ

ਜਿਸ ਨੇ ਬੈਠਣਾ ਮੇਰੀ ਪਿੱਠ ਤੇ

ਉਹ ਅਜ ਬੈਠੇ ਕਲ੍ਹ ਨੂੰ ਕੀ ਪਤਾ

ਏਥੇ ਸਰਕੜਾ ਹੀ ਉਗ ਖਲੋਵੇ ?

📝 ਸੋਧ ਲਈ ਭੇਜੋ