ਸਵੇਰ ਵੇਲੇ ਇਕ ਥਕਾਵਟ ਅਧਬੁਝੀ 

ਅੰਗਾਂ 'ਚ ਮੇਰੇ ਬਹਿ ਗਈ

ਮੇਰੀ ਘਰ ਵਾਲੀ ਦੇ ਹੱਥ ਵਿਚ ਇਕ ਪਿਆਲੀ ਧੁਖਧੁਖੀ 

ਇਹ ਮੇਰਾ ਸੂਰਜ ਹੈ-

ਜਿਸ ਦੇ ਚਾਨਣੇ ਵਿਚ ਜਾਗਦਾ ਹਾਂ ਰੋਜ਼

ਉਸ ਦੀ ਅਣਵਾਹੀ ਲਟੂਰੀ ਵਿਚ ਅੜੀ 

ਚਮੇਲੀ ਅਧਮਰੀ ਦੀ ਬਾਸ 

ਉਸ ਦੇ ਅਧਮਾਣੇ ਜਿਸਮ ਵਿਚ 

ਇਕ ਅਧੋਤੇ ਕਰੋਧ ਦਾ ਵਿਸ਼ਵਾਸ 

ਉਸ ਦਾ ਮੁਖ ਅਸ਼ਨਾਨਿਆ 

ਸ਼ਾਇਦ ਮੇਰੀ ਪਿੱਠ ਵਾਸਤੇ ਹੈ

ਸਵੇਰ ਵੇਲੇ

ਇਕ ਮਹਿੱਟਰ ਚੁਪ ਮੇਰੇ ਚਿਹਰੇ ਤੇ ਪਰਛਾਵੇਂ ਖੜੀ ਹੈ 

ਇਸ ਬਿਨਾਂ ਚਿਹਰਾ ਮੇਰਾ ਡੁਲ੍ਹ ਜਾਏਗਾ 

ਮੇਰਾ ਉਜਲਾ ਰੂਪ ਵੀ

ਸ਼ਾਇਦ ਮੇਰੀ ਪਿੱਠ ਵਾਸਤੇ ਹੈ

ਮੈਂ, ਮੇਰੀ ਪਤਨੀ, ਦੋਵੇਂ ਅਧਅਜਨਬੀ, ਅਧਮੀਤ 

ਆਪਣੇ, ਇਕ ਦੂਸਰੇ ਦੇ

ਅਪਣੇ ਅਪਣੇ ਮੂੰਹ ਦੀ ਮਜਬੂਰੀ ਹੀ 

ਮੇਰੇ ਘਰ ਦੀ ਦੌਲਤ ਰਹਿ ਗਈ

ਇਕ ਥਕਾਵਟ ਅਧਬੁਝੀ ਅੰਗਾਂ 'ਚ ਮੇਰੇ ਬਹਿ ਗਈ

ਅਧਬੁਝੇ ਅੰਗਾਂ 'ਚ ਮੇਰਾ ਦਿਨ

ਨਿਕਲਦਾ ਹੈ ਘਰੋਂ

ਬੇਬਿਰਛ ਰਸਤੇ ਜਿਹਾ ਹਰ ਮੀਤ

ਜਿਸ ਤੇ ਮੈਂ ਤੁਰਦਾ ਹਾਂ ਬਹਿ ਸਕਦਾ ਨਹੀਂ

ਹਰ ਕਿਸੇ ਵਾਕਫ਼ ਦੇ ਮੁਖ

ਗੰਜਾ, ਸੁਲਗਦਾ ਹਾਸ 

ਜਿਸ ਦੇ ਚਾਨਣ ਤੋਂ ਸਿਮਟ ਕੇ 

ਆਪਣੇ ਅੰਗਾਂ ਦੀ ਛਾਵੇਂ ਬੈਠਦਾ ਹਾਂ 

ਏਸ ਗੰਜੇ ਹਾਸ ਦੇ ਟੋਟਣ ਤੇ ਇਕ ਡੂੰਗੇ ਦੀ ਲੋਚਾ

ਅਧਬੁਝੀ ਮੇਰੇ ਜਿਸਮ ਵਿਚ 

ਸਰਕਦੀ ਹੈ, ਸਿਸਕਦੀ ਹੈ

ਕੋਈ ਨਾ ਕੋਈ ਨਜ਼ਰ ਛਿਲਤਰ ਜਹੀ ਨੰਗੀ

ਮੇਰੇ ਮਨ ਵਿਚ ਚੁਭਕਦੀ ਹੈ ਰੋਜ਼ 

ਮੇਰੇ ਮਨ ਅਣਜਾਣਿਆ ਪਾਪੀ 

ਪਰਾਏ ਡੰਗ ਸਹਿੰਦਾ ਹੈ ਸਦਾ ਖ਼ਾਮੋਸ਼ 

ਕਿਉਂਕਿ ਪਰਾਏ ਡੰਗ ਨੰਗੇ ਨੇ

ਹਰ ਦਿਵਸ ਨਵ ਜੂਨ ਹੈ 

ਕੋਈ ਕਲ੍ਹ ਸੰਥਾ ਨਹੀਂ ਅਜ ਵਾਸਤੇ 

ਅਜਨਬੀ ਹੈ ਹਰ ਪਰਾਈ ਜਾਚ

ਜਦ ਕਦੀ ਚਾਨਣ ਨੂੰ ਹੱਥ ਪਾਇਆ 

ਅਗਨ ਮੈਨੂੰ ਮਿਲੀ ਹੈ

ਹਰ ਨਵੀਂ ਛੋਹ ਵਿਚ ਪੁਰਾਣੇ ਮਿਲਣ ਵਾਂਗੂੰ 

ਹੋਂਦ ਮੇਰੀ ਅਧਜਲੀ ਹੈ 

ਸਾਰੀ ਦੁਨੀਆਂ ਅਜਨਬੀ ਹੈ- 

ਆਪਣੀ ਵੀ, ਪਰਾਈ ਵੀ

ਅਜਨਬੀ ਦੇ ਕੋਲ ਜੋ ਕੁਝ ਵੀ ਮੇਰਾ ਵਾਕਿਫ਼ ਹੈ 

ਉਹ ਸ਼ਾਇਦ ਮੇਰੀ ਪਿੱਠ ਵਾਸਤੇ ਹੈ

ਹਰ ਕਿਸੇ ਹਾਸੇ ਦੀ ਬੰਜਰ ਲਿਸ਼ਕ ਹੇਠਾਂ 

ਜੋ ਬਨਸਪਤ ਦਫ਼ਨ ਹੈ

ਜੇ ਕਿਸੇ ਏਕਾਂਤ ਵਿਚ ਜਨਮੇਗੀ ਉਹ 

ਉਸ ਸਮੇਂ ਹਾਜ਼ਰ ਰਹੇਗੀ ਪਿੱਠ ਮੇਰੀ 

ਹਰ ਕਿਸੇ ਪਿੱਠ ਤੇ

ਕਿਸੇ ਅਧਅਜਨਬੀ ਅਧਮੀਤ ਨੇ 

ਜੋ ਲਿਖੇ ਨੇ ਬੋਲ, ਉਹ ਮੇਰੇ ਨੇ 

ਮੇਰੇ ਸਾਹਵੇਂ ਜੋ ਵੀ ਹੈ

ਬਸ ਅਰਧ ਹੈ

ਮੇਰੀ ਪਿੱਠ ਤੇ ਹੋਂਦ ਜਾਂ ਅਣਹੋਂਦ, ਪੁੰਨ ਜਾਂ ਪਾਪ 

ਜੋ ਵੀ ਹੈ ਸਾਲਮ, ਸਬੂਤਾ, ਅਣ-ਅਧੂਰਾ ਹੈ

ਜੇ ਕਦੀ ਮੈਨੂੰ ਮੇਰੀ ਪਿੱਠ ਦਾ 

ਰਤਾ ਦੀਦਾਰ ਹੋਵੇ

ਤਾਂ ਕਹਾਂ ਮੈਂ

ਤੇਰੇ ਬਿਨ ਸ਼ਬਦਾਂ ਦੇ ਪੱਲੇ ਅਧਅਰਥ ਹੀ ਕਿਉਂ

ਹੋਂਦ ਅਧਮੂੰਹੀ, ਮਹਿੱਟਰ ਚੁਪ, ਲਿਸ਼ਕਦੇ ਬੋਲ ਗੰਜੇ 

ਅਧਜਲਨ ਹੀ ਕਿਉਂ

ਮੇਰੇ ਅੰਗਾਂ ਦੀ ਕਿਸਮਤ ਰਹਿ ਗਈ

ਸਵੇਰ ਵੇਲੇ ਇਕ ਥਕਾਵਟ ਅਧਬੁਝੀ 

ਅੰਗਾਂ 'ਚ ਮੇਰੇ ਬਹਿ ਗਈ

📝 ਸੋਧ ਲਈ ਭੇਜੋ