ਸਰਹੱਦ ਤੇ ਤਾਇਨਾਤ ਇੱਕ ਫ਼ੌਜੀ ਦੀ

ਦੁਸ਼ਮਣ ਮੁਲਕਾਂ ਦੇ ਲੋਕਾਂ ਦਰਮਿਆਨ

ਟੈਲੀਫੋਨ ਤੇ ਹੁੰਦੀ ਵਾਰਤਾਲਾਪ

ਖੁਫ਼ੀਆ ਤੌਰ ਤੇ ਸੁਣਨ ਦੀ ਡਿਊਟੀ ਲੱਗੀ ਸੀ

ਤਾਂ ਜੇ ਕੋਈ ਦੇਸ਼ ਵਿਰੋਧੀ ਸਾਜ਼ਿਸ਼ ਹੋਵੇ

ਤਾਂ ਉਸਦਾ ਸਮੇਂ ਸਿਰ ਪਰਦਾਫਾਸ਼ ਕੀਤਾ ਜਾ ਸਕੇ

ਇੱਕ ਦਿਨ ਉਹ ਦੋ ਸ਼ਾਇਰਾਂ ਦੀ ਗ਼ੁਫਤਗੂ

ਉਹਨਾਂ ਦੀਆਂ ਨਜ਼ਮਾਂ ਸੁਣਦਾ ਹੈ

ਜਿਸ ਵਿੱਚ ਦੋਵੇਂ ਮੁਲਕਾਂ ਦੇ

ਅਵਾਮ ਲਈ ਇੰਤਹਾ ਮੁਹੱਬਤ

ਤੇ ਆਲਮੀ ਅਮਨ ਦਾ ਪੈਗ਼ਾਮ ਹੁੰਦਾ ਹੈ

ਇਨਸਾਨੀਅਤ ਦੇ ਮਜ਼੍ਹਬ ਦੀ ਗੀਤ ਹੁੰਦੇ ਨੇ

ਸਾਂਝੀਵਾਲਤਾ ਦੇ ਫ਼ਲਸਫ਼ੇ ਦਾ ਸੰਦੇਸ਼ਾ ਹੁੰਦਾ ਹੈ

ਸਰਬੱਤ ਦੇ ਭਲੇ ਲਈ ਅਰਦਾਸਾਂ ਹੁੰਦੀਆਂ ਹਨ 

ਤੇ ਉਨ੍ਹਾ ਦੇ ਸ਼ਬਦਾਂ ਦੀਆਂ 

ਠਾਠਾਂ ਮਾਰਦੀਆਂ ਪ੍ਰੀਤ-ਗਾਥਾਵਾਂ ਦੀਆਂ ਨਦੀਆਂ ਵਿੱਚ 

ਕਈ ਸੋਹਣੀਆਂ ਤੈਰਦੀਆਂ ਹਨ

ਇਹ ਸਭ ਕੁਝ ਸੁਣ

ਫ਼ੌਜੀ,ਦੁਸ਼ਮਣੀ ਨਫ਼ਰਤ ‘ਚੋਂ ਨਿਕਲ਼

ਮੁਹੱਬਤ ਦੇ ਆਲਮ ਵਿੱਚ ਗੜੁੱਚ ਹੋ ਜਾਂਦਾ ਹੈ

ਉਸ ਦੇ ਹੱਥ ਵਿੱਚ ਫੜ੍ਹਿਆ 

ਫ਼ੌਲਾਦੀ  ਹਥਿਆਰ ਪਿਘਲ ਕੇ

ਉਸ ਦੀਆਂ ਅੱਖਾਂ ਥਾਣੀਂ ਵਹਿ ਜਾਂਦਾ ਹੈ

ਤੇ ਉਸਦੇ ਦਿਲ ਦੀ

ਨੋ ਮੈਨ ਲੈਂਡ ਤੇ

ਬੇਸ਼ੁਮਾਰ ਰੰਗ ਬਿਰੰਗੇ ਫ਼ੁੱਲ  ਖਿੜ ਪੈਂਦੇ ਨੇ।

📝 ਸੋਧ ਲਈ ਭੇਜੋ