ਪਿਆਰ ਤੇਰੇ ਸੰਗ ਹੋਰ ਵਧਾ ਕੇ ਵੇਖ ਲਵਾਂਗਾ ।
ਸਿਰ ਨੂੰ ਤਲੀਆਂ ਉੱਤੇ ਚਾ ਕੇ ਵੇਖ ਲਵਾਂਗਾ ।
ਬੇਲੇ ਦੀ ਮਜ਼ਦੂਰੀ ਚੂਰੀ ਵੇਖ ਲਈ ਏ,
ਖੇੜੇ ਦੇ ਸੰਗ ਆਢਾ ਲਾ ਕੇ ਵੇਖ ਲਵਾਂਗਾ ।
ਬਸਤੀ ਦੇ ਵਿਚ ਘਰ ਘਰ ਕੈਦੋਂ ਖੇੜਾ ਵੱਸੇ,
ਚੋਰੀ ਛੁੱਪੇ ਤੈਨੂੰ ਆ ਕੇ ਵੇਖ ਲਵਾਂਗਾ ।
ਮੁੱਦਤਾਂ ਹੋਈਆਂ ਜੇ ਇਕ ਵਾਰੀ ਆ ਜਾਵੇਂ ਤੇ,
ਉਜੜੀ ਮਹਫ਼ਿਲ ਫੇਰ ਸਜਾ ਕੇ ਵੇਖ ਲਵਾਂਗਾ ।
ਭੀੜ ਪਵੇ ਨੇੜੇ ਕੋਈ ਨਾ ਆ ਕੇ ਢੁਕਦਾ,
ਭੱਜੀਆਂ ਬਾਹਵਾਂ ਗਲ ਨੂੰ ਲਾ ਕੇ ਵੇਖ ਲਵਾਂਗਾ ।
ਤੇਰੀ ਖ਼ਾਤਰ ਦਿਲ ਦੇ ਕੋਰੇ ਕਾਗ਼ਜ਼ ਉੱਤੇ,
ਤੇਰੀ ਇਕ ਤਸਵੀਰ ਬਣਾ ਕੇ ਵੇਖ ਲਵਾਂਗਾ ।
'ਸਦਫ਼' ਜੇ ਮੇਰੇ ਇਸ਼ਕ ਦੀ ਕਦਰ ਨਾ ਪਾਈ ਤੂੰ,
ਫੇਰ ਮੈਂ ਤੈਨੂੰ ਗ਼ਜ਼ਲ ਸੁਣਾ ਕੇ ਵੇਖ ਲਵਾਂਗਾ ।