ਮੈਂ ਦੇਵੀ ਤੇ ਦਿਉਤੇ ਤੇ ਮੜ੍ਹੀਆਂ ਨਾ ਪੂਜਾਂ

ਵਤਨ ਦੇ ਪਿਆਰੇ ਸ਼ਹੀਦਾਂ ਨੂੰ ਪੂਜਾਂ

ਦੁਨੀਆਂ ਦੇ ਸਾਰੇ ਪਾਖੰਡਾਂ ਨੂੰ ਛੱਡ ਕੇ,

ਮੈਂ ਕਿਰਤੀ ਦੇ ਉਜੜੇ ਨਸੀਬਾਂ ਨੂੰ ਪੂਜਾਂ

ਅੱਖੀਆਂ ਦੀ ਦੁਨੀਆਂ ਦੇ ਦੀਵੇ ਬਣਾ ਕੇ,

ਤੇ ਛਾਤੀ ਦੀ ਥਾਲੀ ਦੇ ਅੰਦਰ ਟਿਕਾ ਕੇ

ਪਰੋ ਕੇ ਮੈਂ ਸਾਹਾਂ ਦੇ ਫੁੱਲਾਂ ਦੀ ਮਾਲਾ,

ਵਤਨ ਦੇ ਪਿਆਰੇ ਮੁਰੀਦਾਂ ਨੂੰ ਪੂਜਾਂ

ਕਿਸੇ ਦੀ ਅਮੀਰੀ ਦੀ ਖਿੱਚ ਨਹੀਂ ਹੈ ਮੈਨੂੰ,

ਅਮੀਰਾਂ ਦੇ ਪੱਲੇ ਨੂੰ ਛੋਂਹਦਾ ਨਹੀਂ ਹਾਂ

ਜਿਨ੍ਹਾਂ ਦੇ ਆਸਰੇ ਇਹ ਦੁਨੀਆ ਖਲੋਤੀ,

ਮੈਂ ਕਿਰਤੀ ਕਿਸਾਨਾਂ ਗ਼ਰੀਬਾਂ ਨੂੰ ਪੂਜਾਂ

ਵਤਨ ਦੀ ਸੇਵਾ 'ਚ ਸਰਸ਼ਾਰ ਹੋ ਕੇ,

ਜਿਨ੍ਹਾਂ ਨੇ ਜੁਆਨੀ ਜੁਆਨੀ ਨਾ ਸਮਝੀ

ਜਿਥੇ ਦੇਸ਼ ਵਾਸੀ ਸ਼ਹਾਦਤ ਸੀ ਪਾ ਗਏ,

'ਉਦਾਸੀ' ਮੈਂ ਉਨ੍ਹਾਂ ਦਲ੍ਹੀਜ਼ਾਂ ਨੂੰ ਪੂਜਾਂ

📝 ਸੋਧ ਲਈ ਭੇਜੋ