(੧)

ਕਾਲੇ ਖੂਹ 'ਤੇ ਚਮਕਣ ਤਾਰੇ

ਮਾਏ ਕਿਸ ਨੂੰ ਅਰਜ਼ ਕਰਾਂ ਮੈਂ 

ਚੁੱਪ ਤੋਂ ਪਾਰ ਨੇ ਪਾਂਧੀ ਸਾਰੇ

ਜੇ ਇਕਰਾਰ ਹੈ ਕੋ ਤਾਰੇ ਦਾ 

ਮੇਰੇ ਸਾਹਮੇ ਕੌਲ ਨਾ ਹਾਰੇ

ਲੰਮੀ ਵਾਟ, ਤਨਾਂ ਤੇ ਲਾਸਾਂ,

ਜ਼ੋਰ ਧਿੰਗਾਣਾ ਕਰ ਨਾ ਨਾਰੇ

ਸਾਡਾ ਦੁੱਖ ਨਦਰ ਤੋਂ ਹੀਣਾ

ਕਿੱਥੇ ਜਾਸਨ ਨਾਥ ਵਿਚਾਰੇ ?

ਕਦੇ ਕਦੇ ਚੜ੍ਹ ਰੋਹੀਆਂ ਦੀ ਵਾ

ਨੰਗੇ ਤਨ 'ਤੇ ਅੱਥਰੂ ਮਾਰੇ

ਭਾਵੇਂ 'ਵਾਜ਼ ਮਾਹੀ ਦੀ ਸੁਣਦੀ

ਮਾਵਾਂ ਜੇਡ ਬੋਲ ਪਿਆਰੇ

ਸੁੱਕੇ ਸਰਵਰ ਖੇਡ ਨਾ ਜਾਣਨ

ਪੰਛੀ ਕੁਲ ਵਣਾਂ ਦੇ ਮਾਰੇ

ਛਿਪਿਆ ਸੂਰਜ, ਚਹੁੰ ਕੂੰਟਾਂ ਵਿੱਚ

ਹਰ ਜੂਹ 'ਚੋਂ ਕੋਈ ਪੈੜ ਪੁਕਾਰੇ

ਟੁੱਟਿਆ ਪੰਖ ਕਿਤੇ ਅਸਮਾਨੋ

ਸੋਹਣੇ ਯਾਰ ਦੀ 'ਵਾਜ ਉਤਾਰੇ

(੨)

ਕਾਲੇ ਖੂਹ 'ਤੇ ਝੁੱਲੀਆਂ 'ਵਾਵਾਂ

ਨਾ ਚੰਨ ਬਾਗ਼ ਮਿਰੇ ਵਿੱਚ ਚੜ੍ਹਿਆ

ਨਾ ਪੂਰਨ ਘਰ ਮਾਵਾਂ

ਪੀਲੇ ਪੱਤਰ ਅਰਜ਼ ਕਰੇਂਦੇ

ਫੜਦੇ ਲੰਮੀਆਂ ਛਾਵਾਂ

ਵਣਾਂ-ਕਰੀਰਾਂ ਦੀ ਮਿੱਟੀ ਵਿੱਚ

ਤਨ ਮਨ ਕਿਵੇਂ ਤਪਾਵਾਂ

ਰੋਹੀਆਂ ਦੇ ਵਿੱਚ ਕੇਸੂ ਭਖਦਾ

ਅੱਜ ਰੂਹ ਮੰਗਦਾ ਜਾਵਾਂ

ਜਾਂ ਕੋਈ ਵਾਟ ਮੇਰੀ 'ਤੇ ਤੁਰਦਾ

ਜਾਂ ਮੈਂ ਆਪ ਹੀ ਆਵਾਂ

ਬਾਂਕੇ ਨੈਣ, ਨਾਰ ਦੇ ਕਜਰਾ,

ਖ਼ੈਰ ਨਾ ਮੰਗਣ ਜਾਵਾਂ

ਸੁਣਿਆਂ ਰਾਹ ਤਿਰੇ 'ਤੇ ਕਾਲੀ

ਜਾਂ ਮੈਂਡਾ ਪਰਛਾਵਾਂ

(੩)

ਕਾਲੇ ਖੂਹ 'ਤੇ ਸਿਖਰ ਦੁਪਹਿਰਾਂ

ਥਲ-ਡੂਗਰ ਵਿੱਚ ਯਾਰ ਸੁਣੀਂਦਾ

ਦਰਦ ਨਾ ਸੁਣਿਆਂ ਗੈਰਾਂ

ਪੁੱਤ ਮਾਵਾਂ ਦੇ ਚਿਰਾਂ ਤੋਂ ਮੋਏ

ਫੜੇ ਸ਼ਿਕਾਰੀ ਕਹਿਰਾਂ

ਮੇਰੇ ਯੋਗ ਦੀ ਵਾਟ ਲੰਮੇਰੀ

ਕਠਨ ਘੜੀ ਵਿੱਚ ਪੈਰਾਂ

ਮੇਰੇ ਨਾਥ ਦਾ ਬੋਲ ਵੀ ਡਾਢਾ

ਵੱਡੀਆਂ ਤੇਰੀਆਂ ਖ਼ੈਰਾਂ

(੪)

ਕਾਲੇ ਖੂਹ 'ਤੇ ਸਾਉਣ ਮਹੀਨੇ

ਮੋਏ ਅੰਗ ਖਿੜੇ ਵਿੱਚ ਬਾਗ਼ਾਂ

ਕੁਝ ਮੁਟਿਆਰਾਂ ਸੀਨੇ

ਮੇਰਾ ਬੋਲ ਵਸੇ ਵਿੱਚ ਰੋਹੀਆਂ,

ਤੇ ਅੱਥਰੂ ਵਿੱਚ ਸੀਨੇ

ਜਿਚਰਕ ਖੈਰ ਨਾਥ ਦੀ ਮਾਏ,

ਰੁਲਸਨ ਲਾਲ-ਨਗੀਨੇ

(੫)

ਕਾਲੇ ਖੂਹ ਤੇ ਸੰਞਾਂ ਪਈਆਂ

ਸੁਣ ਕੇ ਕੂਕ ਕੂੰਜ ਦੀ ਡਾਢੀ

ਉਮਰਾਂ ਢੂੰਡਣ ਗਈਆਂ

ਵਣਾਂ ਕਰੀਰਾਂ ਰੋਹੀਆਂ ਦੇ ਵਿੱਚ

ਇੱਕ-ਦੋ ਖੇਡਾਂ ਰਹੀਆਂ

ਖੇਡ ਮੇਰੀ ਵਿੱਚ ਮਾਂ ਦੇ ਸੁਪਨੇ

ਨਾਥ ਨੂੰ ਖ਼ਬਰਾਂ ਗਈਆਂ

ਵਾਟ ਮੇਰੀ 'ਤੇ ਸਾਉਣ ਮਹੀਨਾ

ਮਹਿਲੀਂ ਪੀਂਘਾਂ ਪਈਆਂ

ਸੇਜ ਮੇਰੀ 'ਤੇ ਲਾਲ-ਨਗੀਨੇ

ਨੈਣ ਭਰਦੀਆਂ ਸਈਆਂ

ਸੁੰਦਰਾਂ ਸਾਹਮੇ ਕਾਸਾ ਫੜ ਕੇ 

ਅੱਥਰਾਂ ਨਾਥ ਨੇ ਲਈਆਂ

ਯੋਗ ਨਾਥ ਦਾ ਥਰਹਰ ਕੰਬੇ

ਚੂੜਾ ਛਣਕੇ ਬਹੀਆਂ

ਰੋਂਦੇ ਨੇ ਚਰਵਾਲ ਚਿਰਾਂ ਦੇ

ਘਾਹ ਚਿੱਥਦੀਆਂ ਮਹੀਆਂ

(੬)

ਕਾਲੇ ਖੂਹ 'ਤੇ ਹੌਲ ਦਿਲਾਂ ਦੇ

ਬਾਗਾਂ ਦੇ ਵਿੱਚ ਜੁਗਨੂੰ  ਕੁੰਦਨ

ਸਹਿਕਣ ਕੌਲ ਚਿਰਾਂ ਦੇ

ਖੇਡ ਜੀਰਾਣਾਂ ਦੇ ਵਿੱਚ ਮੇਰੀ

ਮਾਂ ਦੇ ਨੈਣ ਬੁਲਾਂਦੇ

ਮੈਂ ਸੁਣਿਆਂ ਯੋਗ ਦੇ ਪੈਂਡੇ

ਡਾਢ ਦਿਲਾਂ ਵਿੱਚ ਪਾਂਦੇ

ਜੋਬਨ ਦੇ ਜਦ ਆਉਣ ਦਿਹਾੜੇ

ਢਾਡੀ ਕਾਰ ਵਲਾਂਦੇ

ਕਜਰੇ ਦੀ ਇੱਕ ਪਤਲੀ ਧਾਰ 'ਚ

ਸਾਵਨ ਰੰਗ ਬਣਾਂਦੇ

ਯੋਗੀ ਤਨ ਵਿਭੂਤ ਰਚਾ ਕੇ

ਨਾਲ ਰਕਾਨਾਂ ਜਾਂਦੇ

ਸੁਣਿਆਂ ਸੂਰਜ ਆਖ਼ਿਰ ਵੇਲੇ

ਹਰ ਇਕ ਤੁਰ ਗਈ ਕਿਰਨ ਬੁਲਾਂਦੇ

ਸ਼ਬਨਮ ਦਾ ਵੀ ਸਫ਼ਰ ਹੈ ਕੋਈ

ਬਿਰਖ ਵੀ ਸ਼ਿਕਵਾ ਕਦੇ ਸੁਣਾਂਦੇ

ਮਾਂ ਦਾ ਰਹਿਮ ਫਿਰੇ ਵਿੱਚ ਰੋਹੀਆਂ

ਲੱਖ ਦਰਿਆ ਕੁਰਲਾਂਦੇ

ਲੱਖਾਂ ਯੋਗ ਤਪਨ ਵਿੱਚ ਸੀਨੇ

ਨਾਰ ਤਨ 'ਤੇ ਲਾਂਦੇ

(੭)

ਕਾਲੇ ਖੂਹ 'ਤੇ ਬਰਸਣ ਭੂਰਾਂ

ਡਿੱਠਾ ਸਾਨੂੰ ਫ਼ਜਰ ਦੇ ਵੇਲੇ

ਸੋਹਣੇ ਚੰਨ ਦੇ ਨੂਰਾਂ

ਦੂਰ ਦੁਰਾਡੇ ਭੇਹਰ ਸੁਣੀਂਦੀ

ਕਿਤੇ ਥਲਾਂ ਵਿੱਚ ਧੂੜਾਂ

ਭੈੜੀ ਪੈੜ ਮਿਰੀ ਵਿੱਚ ਰੁਲਣਾ

ਰੰਗਲੇ ਬਾਗ਼ ਦੇ ਬੂਰਾਂ  ।

ਖੇਡ ਰਕਾਨਾਂ ਤੁਰ ਗਈਆਂ ਨੇ

ਉੱਡਦਾ ਜੁਗਨੂੰ ਦੂਰਾਂ

ਖੰਡਰਾਂ 'ਤੇ ਇਕ ਨਾਦ ਸੁਣੀਂਦਾ

ਹੱਥ ਮਰੋੜਾਂ ਝੂਰਾਂ

ਸੁਣਿਆ ਸੰਖ ਨਾਥ ਦਾ ਭਾਰੀ

ਚੜ੍ਹ ਵਿੱਚ ਕਹਿਰ-ਕਲੂਰਾਂ

📝 ਸੋਧ ਲਈ ਭੇਜੋ