ਤ੍ਰਬੱਕ ਕੇ ਅੱਖ ਖੁੱਲਦੀ ਹੈ
ਰੋਜ਼ ਸਵੇਰੇ...
ਉਫ਼ !
ਅੱਜ ਫੇਰ ਲੇਟ ਹੋ ਗਈ !
ਅੱਭੜਵਾਹੇ ਭੱਜਦੀ ਹਾਂ ਇਸ਼ਨਾਨ ਘਰ
ਨਾਸ਼ਤੇ ਜੋਗਾ ਸਮਾਂ ਹੀ ਨਹੀਂ ਬਚਦਾ
ਕਾਰ ਵਿਚ ਹੀ ਪੀ ਲੈਂਦੀ ਹਾਂ-
ਇਕ ਕੱਪ ਕਾਫ਼ੀ
ਬਸ !
ਪਹੁੰਚਦੀ ਹਾਂ ਦਫ਼ਤਰ
ਫ਼ਾਈਲਾਂ ਦਾ ਢੇਰ
ਟੈਲੀਫ਼ੂਨ ਦੀਆਂ ਘੰਟੀਆਂ ਦਾ ਸ਼ੋਰ
ਸਹਿਕਰਮੀਆਂ ਨਾਲ ਸ਼ਿਸ਼ਟਾਚਾਰ
ਬੌਸ ਲਈ ਅਦਬ ਦਾ ਸਵਾਂਗ-
ਕਰਦੀ ਹਾਂ ਰੋਜ਼ ਕਿੰਨੇ ਨਾਟਕ
ਨਿਭਾਉਂਦੀ ਹਾਂ
ਕਿੰਨੇ ਕਿਰਦਾਰਾਂ ਦਾ ਰੋਲ
ਰੋਟੀ ਖਾਣ ਦੀ
ਵਿਹਲ ਨਹੀਂ ਮੇਰੇ ਕੋਲ !
ਘਰ ਪਰਤਦੀ ਹਾਂ...
ਘਰ ਦਾ ਕੋਨਾ ਕੋਨਾ ਪੁਕਾਰਦੈ-
ਕੰਮ ! ਕੰਮ ! ਕੰਮ !
ਘਰ ਨੂੰ ਮੇਰੀ ਲੋੜ ਹੈ
ਦਫ਼ਤਰ ਨੂੰ ਮੇਰੀ ਲੋੜ ਹੈ
ਬੱਚਿਆਂ ਨੂੰ ਮੇਰੀ ਲੋੜ ਹੈ
ਉਹਨਾਂ ਦੇ ਪਿਉ ਨੂੰ
ਮੇਰੀ ਲੋੜ ਹੈ !
ਤੇ ਮੇਰੀ ਲੋੜ ਦੀ
ਕੀ ਪਰਿਭਾਸ਼ਾ ਹੈ ?