ਪੂਰੇ ਕਦ ਬਣਾਂਗੇ

ਤੇਜ਼ ਕਿੰਨੀ ਹੋ ਗਈ ਸਾਡੀ ਗਤੀ 

ਰਚਣ ਦੀ, ਨਿਰਮਾਣ ਦੀ

ਹੈ ਬੜੀ ਭਰਮਾਰ ਵਸਤਾਂ ਦੀ 

ਅਤੇ ਵਰਤਾਰਿਆਂ ਦੀ

ਤਾਣ ਵੀ ਵਧਿਆ ਤੇ ਨਾਲੇ ਮਾਣ ਵੀ 

ਫੇਰ ਵੀ ਬੰਦੇ ਨਿਮਾਣੇ

ਰੋਜ਼ ਊਣੇ ਹੋ ਰਹੇ

ਇਕ ਪਾਸੇ ਵਰ ਮਿਲੇ ਕਿ ਘਰ ਭਰੇ 

ਦੂਜੇ ਪਾਸੇ ਮਿਲ ਗਿਆ ਇਹ ਵੀ ਸਰਾਪ 

ਰਹਿਣਗੇ ਅੱਧੇ ਅਧੂਰੇ

ਭਾਵ ਵੀ ਤੇ ਭਾਵਨਾ ਵੀ

ਕੁਝ ਵੀ ਪੂਰਾ ਨਾ ਰਿਹਾ

ਕੁਝ ਵੀ ਸਾਬਤ ਨਾ ਰਿਹਾ

ਜੇ ਨਾ ਹੋਇਆ ਊਣਾ

ਤਾਂ ਫਿਰ ਟੁਕੜਿਆਂ ਵਿਚ ਖਿੰਡ ਗਿਆ

ਬੋਝ ਚੁੱਕੀ ਫਿਰ ਰਹੇ

ਆਪਣੀ ਊਣੀ ਤੇ ਖੰਡਤ ਹੋਂਦ ਦਾ 

ਜਿੰਨਾ ਜਿੰਨਾ ਅੰਦਰੋਂ ਖਾਲੀ ਹੋ ਰਹੇ 

ਓਨੀ ਓਨੀ ਹਵਸ ਵਧਦੀ ਜਾ ਰਹੀ

ਘਰ ਭਰਨ ਦੀ

ਹੋਂਦ ਫਿਰ ਵੀ ਭਰੇ ਨਾ

ਮਨ ਦੀ ਹਰ ਇਕ ਭਾਵਨਾ

ਰਹਿੰਦੀ ਅਧੂਰੀ

ਸੰਭਵ ਨਹੀਂ ਹਰ ਲਾਲਸਾ ਹੋ ਜਾਏ ਪੂਰੀ 

ਹੋ ਵੀ ਜਾਏ ਜੇ ਕਦੇ ਇਹ ਚਮਤਕਾਰ 

ਤਾਂ ਵੀ ਹੈ ਕਿਹੜਾ ਭਰੋਸਾ 

ਅੰਦਰੋਂ ਰਹੀਏ ਨਾ ਊਣੇ

ਲਾਲਸਾਵਾਂ ਦੀ ਨਵੀਂ ਸੂਚੀ ਬਣਾ ਕੇ 

ਕੋਈ ਹੀਲਾ ਕਰ ਲਵਾਂਗੇ 

ਉਹ ਵੀ ਪੂਰੀ ਕਰਨ ਦਾ

ਇਹ ਕਮੀ ਸੰਤਾਪ ਜਿਉਂ 

ਚੁਭਦੀ ਹੀ ਰਹਿਣੀ

ਆਪ ਸਾਬਤ

ਆਪ ਪੂਰੇ ਕਦ ਬਣਾਂਗੇ।

📝 ਸੋਧ ਲਈ ਭੇਜੋ