ਮੈਂ ਕੂੰਜਾਂ ਦੀ ਨੀਂਦਰ ਸੁੱਤਾ 

ਗੂੰਜੀ ਹੇਕ ਨਿਆਰੀ, 

ਪੋਠੋਹਾਰ ਦੀਆਂ ਜੂਹਾਂ ਵਿਚ 

ਫ਼ਜਰਾਂ ਦੀ ਸਰਦਾਰੀ।

ਮਿੱਟੀ ਦੇ ਵਿਚ ਨਾਗ ਸਤਾਣੇ 

ਰੁੱਖਾਂ ਦੀ ਭਿੱਖ ਮੰਗਣ,

ਦੂਰ ਮੁਰੀਦ ਯਾਰ ਵਲ ਜਾਂਦੇ 

ਛੱਡ ਸੁਹਾਂ ਦੀ ਯਾਰੀ।

ਰਿਜ਼ਕ ਵਸਾਖ, ਰਿਸ਼ਮ ਦੀ ਨ੍ਹੇਰੀ 

ਭਰੀਆਂ ਪੌਣਾਂ ਹੁੱਲੀ,

ਬੇਲੱਜ ਕਣਕਾਂ ਬਾਜ਼ਾਂ ਪਿੱਛੇ

ਚੜ੍ਹੀਆਂ ਲਾਉਣ ਉਡਾਰੀ।

ਹਿੱਕੋ ਚਿਣਗ ਚੁੰਝ ਵਿਚ ਚਾਈ 

ਪੱਥਰਾਂ ਉੱਤੇ ਕੂੰਜਾਂ, 

ਬੈਠ ਲੁਕਾਵਣ ਖੰਭਾਂ ਹੇਠਾਂ 

ਘੱਟ ਸਾਵਨ ਦੀ ਕਾਰੀ।

ਨਾਭ ਪਠਾਰਾਂ ਦੇ ਵਿਚ ਛਲਕੇ

ਹੜ੍ਹ ਕਣਕਾਂ ਦਾ ਮਾਤਾ, 

ਦੂਰ ਸੁਹਾਂ ਦੇ ਰੁੱਖਾਂ ਉੱਤੇ 

ਕੂਕੇ ਕੋਇਲ ਵਿਚਾਰੀ।

ਕਾਲੇ ਖੂਹ 'ਚੋਂ ਜ਼ਖ਼ਮੀ ਤਾਰੇ 

ਸਾਨੂੰ ਚਾਵਣ ਆਏ,

ਢੋਕ ਫ਼ਜਰ ਦੀ ਨਾਰਾਂ ਖੜੀਆਂ 

ਮਾਰਨ 'ਵਾਜ ਪਿਆਰੀ।

ਖ਼ੂਨ ਸ਼ਹੀਦਾਂ ਦੇ ਦਰਵਾਜ਼ਿਉਂ 

ਅੱਗੇ ਸਿਖਰ ਦੁਪਹਿਰਾਂ, 

ਇਕ ਇਕ ਵਾਲ ਤੂਰ ਦਾ ਡਿੱਗਦਾ 

ਚੜ੍ਹਦਾ ਸਿੰਧ ਅਪਾਰੀ।

ਸੀਨਾ ਸੁਹਲ ਕਮਲ ਦਾ ਫੜਕੇ 

ਹੌਲ ਸਰਾਂ ਨੂੰ ਪੈਂਦੇ, 

ਲਸ਼ਕਰ ਲੈ ਕੇ ਚਿੜੀ ਦੇ ਪਰ 'ਚੋਂ 

ਲੰਘਦਾ ਪਿਆ ਸ਼ਿਕਾਰੀ।

ਬੂੰਦ ਸ਼ਹਿਦ ਦੀ ਪੱਥਰਾਂ ਉੱਤੇ 

ਛੱਡ ਗਏ ਬ੍ਰਿਛ ਵਿਚਾਰੇ; 

ਫਿਰਦਾ ਨਾਗ ਜੀਆ ਬਨਬਾਸੀ

ਚੱਟਦਾ ਬੂੰਦ ਉਧਾਰੀ।

ਲੂਸੇ ਕਮਲ, ਗਗਨ ਪੱਥਰੀਲੇ 

ਬਹਿ ਗਏ ਹਸ਼ਰ ਦੇ ਬੂਹੇ, 

ਕਿਸਦਾ ਦਰਦ ਸੁਣੇਗਾ ਸਾਈਂ

ਕਾਲ-ਕੋਟ ਭੈ ਭਾਰੀ !

📝 ਸੋਧ ਲਈ ਭੇਜੋ