ਸਾਡੇ ਘਰ ਅੱਜ

ਨਿੱਕੀ ਜਿਹੀ ਪ੍ਰਾਹੁਣੀ ਆਈ,

ਬਿਟ ਬਿਟ ਤੱਕੇ

ਬੋਲ ਨਾ ਸਕੇ,

ਸਾਡੀ ਸਮਝੇ

ਨਾ ਆਪਣੇ ਦਿਲ ਦੀ ਗੱਲ ਦੱਸੇ,

ਤਿੱਖਾ ਤਿੱਖਾ ਰੋਵੇ

ਨਿੱਕਾ ਨਿੱਕਾ ਹੱਸੇ,

ਸਾਡੇ ਘਰ ਦੀਆਂ ਰਸਮਾਂ ਵੇਖ ਜਿਵੇਂ ਘਬਰਾਈ।

ਔਖੀਆਂ ਵਾਟਾਂ ਕੱਟਕੇ

ਖ਼ਬਰ ਨਹੀਂ ਹੈ ਕਿਹੜੇ ਦੇਸੋਂ

ਰੱਬ ਦੀ ਘੱਲੀ

ਸਾਡੇ ਘਰ ਅੱਜ

ਨਿੱਕੀ ਜਿਹੀ ਪ੍ਰਾਹੁਣੀ ਆਈ।

ਪੀੜਾਂ ਭੰਨੀ ਮਾਂ ਇਸ ਦੀ 

ਸ਼ਰਮਿੰਦੀ ਜਾਪੇ

ਦਿਸੇ ਉਦਾਸ, 

ਉਸ ਨੂੰ ਹੋਰ ਹੋਰ ਸੀ ਆਸ।

ਉਸ ਦੀ ਸਬਰ ਭਰੀ ਖ਼ਾਮੋਸ਼ੀ ਦਾ ਮਤਲਬ ਮਜ਼ਬੂਰ,

‘ਜੋ ਰੱਬ ਨੂੰ ਮਨਜ਼ੂਰ

ਮੇਰਾ ਨਹੀਂ ਕਸੂਰ'

ਦਾਦੀ ਕਹੇ

ਇਹ ਧਨ ਪਰਾਇਆ।

ਇਸ ਨੇ ਲੈਣਾ

ਪਿਛਲੇ ਜਨਮ ਦਾ ਕੋਈ ਉਧਾਰ, 

ਹੁਣ ਤੋਂ ਫ਼ਿਕਰ ਕਰੇ ਪਰਵਾਰ।

ਕੁੜੀਆਂ ਵੱਧਣ ਕੌੜੀ ਵੇਲ ਦੇ ਵਾਂਗੂੰ 

ਜੰਮੀਂ ਅੱਜ ਭਲਕੇ ਮੁਟਿਆਰ। 

ਢੂੰਡੋ ਇਸ ਲਈ ਹੁਣੇ ਪ੍ਰਾਹੁਣਾ 

ਚੜ੍ਹ ਗਿਆ ਜਾਣੋ ਸਿਰ ਤੇ ਭਾਰ

ਜੀ ਕਹਿੰਦਾ

ਕਹਿ ਦਿਆਂ ਇਸ ਦੇ ਕੰਨੀਂ, 

‘ਤੇਰੇ ਹੱਥ ਵਿਚ ਇੱਜ਼ਤ ਸਾਡੀ 

ਬੀਬੀ ਬਣ ਕੇ ਉਮਰ ਗੁਜ਼ਾਰੀਂ

ਵੇਖੀਂ, ਦਿਲ ਦੀ ਗੱਲ ਨਾ ਮੰਨੀਂ।'

ਸਮਝਾ ਦੇਵਾਂ

‘ਬੱਚੀਏ ਹੋ ਹੁਸ਼ਿਆਰ,

ਜੱਗ ਦੀਆਂ ਊਜਾਂ ਹੁਣੇ ਤਿਆਰ।'

ਪਰ ਇਹ ਸਾਡੀ ਗੱਲ ਨਾ ਸਮਝੇ

ਨਾ ਆਪਣੇ ਦਿਲ ਦੀ ਗੱਲ ਦੱਸੇ,

ਤਿੱਖਾ ਤਿੱਖਾ ਰੋਵੇ

ਨਿੱਕਾ ਨਿੱਕਾ ਹੱਸੇ,

ਸਾਡੇ ਘਰ ਦੀਆਂ ਰਸਮਾਂ ਵੇਖ ਜਿਵੇਂ ਘਬਰਾਈ।

ਰਬ ਦੀ ਘੱਲੀ

ਖ਼ਬਰ ਨਹੀਂ ਹੈ ਕਿਹੜੇ ਦੇਸੋਂ

ਸਾਡੇ ਘਰ ਅਜ

ਨਿੱਕੀ ਜਿਹੀ ਪ੍ਰਾਹੁਣੀ ਆਈ।

📝 ਸੋਧ ਲਈ ਭੇਜੋ