ਅੱਜ ਕੱਲ੍ਹ ਸਾਡੇ ਚਾਰ ਚੁਫ਼ੇਰੇ 

ਪ੍ਰੇਤ ਪੌਣ ਜਿਹੀ ਘੁੰਮੇ 

ਵੇਲ ਅੰਗੂਰਾਂ ਦੀ ਬੀਜੀ ਸੀ 

ਲੱਗੇ ਕੌੜੇ ਤੁੰਮੇ

ਖਰਗੋਸ਼ਾਂ ਤੋਂ ਤੇਜ਼ ਦੌੜਦੇ 

ਹੁਣ ਤਾਂ ਕੱਛੂ-ਕੁੰਮੇ

ਆਪਣੇ ਨਾਲ ਤੁਰੇ ਸੀ ਜਿਹੜੇ 

ਕਿਸ ਦਲਦਲ ਵਿਚ ਗੁੰਮੇ

ਕਰਨ ਤੁਰੇ ਹੋਰਾਂ ਲਈ ਚੰਗਾ 

ਵਿਗੜ ਗਏ ਉਹ ਆਪ

ਲਹੂ ਦੀਆਂ ਬੂੰਦਾਂ ਵਿਚ ਭਰਿਆ 

ਇਹ ਕੇਹਾ ਸੰਤਾਪ

ਦੰਭ ਜਾਪਦਾ ਸਦਗੁਣ 

ਘੋਰ ਸਵਾਰਥ ਹੈ ਨਿਸ਼ਪਾਪ

ਪੱਕਾ ਰਾਗ ਸਮਝ ਕੇ ਕਰਦੇ 

ਹਉਮੈ ਦਾ ਵਿਰਲਾਪ

ਬੜੇ ਹੀ ਦਿਲ ਗੁਰਦੇ ਵਾਲੇ 

ਪਰ ਬੜ੍ਹਕ ਮਾਰ ਲਿਫ ਜਾਂਦੇ 

ਬੇਸ਼ਰਮੀ ਨੂੰ ਕਹਿਣ ਬੇਬਾਕੀ 

ਨਿੰਦਿਆ ਮਨ ਪਰਚਾਂਦੇ 

ਚੋਰ ਨਿਗਾਹਾਂ ਖਚਰਾ ਹਾਸਾ 

ਬਹੁ ਪਰਤੀ ਕਹਿਲਾਂਦੇ

ਰੋਟੀ ਦੀ ਤਾਂ ਗੱਲ ਹੈ ਵੱਡੀ 

ਬੁਰਕੀ ਲਈ ਵਿਕ ਜਾਂਦੇ

ਆਪਣੇ ਪੈਰਾਂ ਨੂੰ ਪਾ ਬੈਠੇ

ਕਈ ਰੇਸ਼ਮੀ ਫੰਧ

ਰੋਜ਼ੀ ਦੇ ਕੋਹਲੂ ਅੱਗੇ ਜੁੜ

ਕੀਤਾ ਲੰਮਾ ਪੰਧ

ਘਰ ਦਫ਼ਤਰ ਵਿਚ ਬੜੇ ਸੁਰੱਖਿਅਤ 

ਕੰਧਾਂ ਅੱਗੇ ਕੰਧ

ਸਾਹਾਂ ਵਿਚ ਰਚ ਗਈ

ਸਾਜ਼ਸ਼ੀ ਬੋਲਾਂ ਦੀ ਦੁਰਗੰਧ

📝 ਸੋਧ ਲਈ ਭੇਜੋ