ਦੋ ਹੱਥ ਜੋੜ ਕਰਾਂ ਬੇਨਤੀ, ਜਗ ਦੇ ਪਾਲਣਹਾਰੇ।
ਸਾਨੂੰ ਵਿਦਿਆ ਦਾਨ ਬਖਸ਼ਣਾ, ਮੇਰੇ ਸਿਰਜਣਹਾਰੇ।
ਮੱਤ ਮੇਰੀ ਨੂੰ ਉੱਚਾ ਰਖਿਓ, ਮਨ ਨੂੰ ਰਖਿਓ ਨੀਵਾਂ।
ਭੁੱਲ ਕੇ ਵੀ ਮੈਂ ਮਾਣ ਕਰਾਂ ਨਾ, ਰਜ਼ਾ ਤੇਰੀ 'ਚ ਜੀਵਾਂ।
ਸਭ ਜੀਵਾਂ ਵਿੱਚ ਤੈਨੂੰ ਤੱਕਾਂ, ਮੇਰੇ ਮਾਲਕ ਪਿਆਰੇ।
ਦੋ ਹੱਥ ਜੋੜ ਕਰਾਂ ਬੇਨਤੀ.................
ਦਇਆ, ਨਿਮਰਤਾ ਗੁਣ ਬਖਸ਼ੀਓ, ਹੋਈਏ ਆਗਿਆਕਾਰੀ।
ਮਿਲ-ਜੁਲ ਰਹਿਣ ਦੀ ਆਦਤ ਪਾਓ, ਬਣੀਏ ਪਰਉਪਕਾਰੀ।
ਮੇਰੇ ਔਗੁਣ ਬਖਸ਼ ਲਵੀਂ ਤੂੰ, ਦਾਤਾ ਬਖਸ਼ਣਹਾਰੇ।
ਦੋ ਹੱਥ ਜੋੜ ਕਰਾਂ ਬੇਨਤੀ..................
ਸੱਚ ਬੋਲਣ ਦਾ ਜੇਰਾ ਰੱਖਾਂ, ਮਿਹਨਤ ਕਰਦਾ ਜਾਵਾਂ।
ਸੱਚੀ-ਸੁੱਚੀ ਕਿਰਤ ਕਮਾ ਕੇ, ਹੱਕ ਦੀ ਰੋਟੀ ਖਾਵਾਂ।
ਹਉਮੈ ਦੇ ਵਿੱਚ ਡੁਬ ਨਾ ਜਾਵਾਂ, ਤਾਰਉ ਤਾਰਨਹਾਰੇ।
ਦੋ ਹੱਥ ਜੋੜ ਕਰਾਂ ਬੇਨਤੀ.................
ਊਚ-ਨੀਚ ਦਾ ਭੇਦ ਮਿਟਾ ਕੇ, ਸਭ ਨੂੰ ਗਲੇ ਲਗਾਵਾਂ।
ਮਾਨਵਤਾ ਦੀ ਸੇਵਾ ਉੱਚੀ, ਸਭ ਨੂੰ ਇਹ ਸਮਝਾਵਾਂ।
'ਅਮਰਪ੍ਰੀਤ' ਗੁਣ ਗਾਵੇ ਤੇਰੇ, ਤੈਥੋਂ ਹੈ ਬਲਿਹਾਰੇ।
ਦੋ ਹੱਥ ਜੋੜ ਕਰਾਂ ਬੇਨਤੀ..................
ਸਾਨੂੰ ਵਿਦਿਆ ਦਾਨ ਬਖਸ਼ਣਾ, ਮੇਰੇ ਸਿਰਜਣਹਾਰੇ।