ਮੈਂ ਆਪਣੀਆਂ ਅੱਖਾਂ
ਬੰਦ ਕਰ ਲਈਆਂ ਹਨ
ਕਿ ਤੇਰੇ ਨੈਣਾਂ ਦੀ ਰੋਸ਼ਨੀਂ ਦੂਣੀ ਹੋ ਜਾਵੇ
ਤੂੰ ਚਾਨਣ ਦਾ
ਕੋਰਾ ਪੰਨਾ ਅੱਖਾਂ ਵਿਚ ਲਈ ਆਵੀਂ
ਮੈਂ ਬੰਦ ਨਜ਼ਰਾਂ ਨਾਲ਼ ਉਸ ਉਤੇ
ਹਸਤਾਖਰ ਪਾ ਦੇਵਾਂਗਾ
ਇਹ ਹਸਤਾਖਰ ਮੇਰਾ ਆਪਾ ਹੈ
ਜੋ ਮੈਂ ਤੈਨੂੰ ਸੌਂਪ ਦੇਵਾਂਗਾ
ਤੂੰ ਮੈਨੂੰ ਆਪਣੇ ਅੰਦਰ
ਉਸ ਬਸਤੀ ਵਿਚ ਲੈ ਚਲ
ਜਿਥੇ ਤਨ ਤੇ ਮਨ ਦੀ ਲੋਅ
ਬੁਝਦੀ ਬੁਝਦੀ ਬੁਝ ਗਈ ਹੈ
ਮੈਂ ਰਾਖ ਦੇ ਢੇਰ ਵਿਚੋਂ ਢੇਰ ਹੋਏ
ਆਦਿ ਤਾਲ ਦਾ ਬੀਜ
ਲਭ ਲਵਾਂਗਾ
ਅਤੇ ਲੰਬੀ ਉਡੀਕ ਪਿਛੋਂ ਸੁਤੀ
ਕੁਖ ਵਿਚ ਰੱਖ ਦੇਵਾਂਗਾ
ਕੁਖ ਤਾਂ ਸਹਿਜੇ ਸਹਿਜੇ ਪਸਰਨ ਵਾਲਾ
ਵੀਣਾ ਦਾ ਮੌਨ ਤੂੰਬਾ ਹੈ
ਜਿਸ ਵਿਚੋਂ ਨਿਕਲਿਆ ਪ੍ਰਥਮ ਨਾਦ
ਤੇਰਾ ਨਹੀਂ ਮੇਰਾ ਨਹੀਂ
ਸਗਲੀ ਧਰਤ ਦਾ ਹੋਵੇਗਾ
ਮੈਂ ਤਾਂ ਉਸ ਨਾਦ ਵਿਚੋਂ
ਇਕ ਝੋਲ਼ੀ ਭਰਾਂਗਾ
ਅਤੇ ਸੰਤੋਖ ਦੀ
ਉਂਗਲ਼ ਫੜ੍ਹ ਕੇ ਪਰਤ ਆਵਾਂਗਾ
ਤੂੰ ਵਿਦਾਇਗੀ ਸਮੇ
ਆਪਣੀਆਂ ਅੱਖਾਂ ਬੰਦ ਕਰ ਲਵੀਂ
ਕਿ ਮੇਰੇ ਨੈਣਾਂ ਦੀ ਰੋਸ਼ਨੀਂ
ਦੂਣੀ ਹੋ ਜਾਵੇ
ਤੇ ਮੈਂ ਸਹੀ ਸਲਾਮਤ
ਆਪਣੇ ਘਰ ਪਰਤ ਆਵਾਂ